ਸੁਨਾਮ : ਵਰਲਡ ਭੰਗੜਾ ਲੀਗ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਪਰਮਜੀਤ ਸਿੰਘ ਪੰਮੀ ਬਾਈ ਨੇ ਦੱਸਿਆ ਕਿ ਕ੍ਰਿਕਟ, ਹਾਕੀ ਅਤੇ ਕਬੱਡੀ ਦੀ ਤਰਜ਼ ਤੇ ਭੰਗੜਾ ਲੀਗ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਨੌਜ਼ਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਅਤੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਪੈਸਾ ਵੀ ਕਮਾਇਆ ਜਾ ਸਕੇ। ਐਤਵਾਰ ਨੂੰ ਸੁਨਾਮ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਵਰਲਡ ਭੰਗੜਾ ਲੀਗ ਦੇ ਆਯੋਜਕਾਂ ਦੁਆਰਾ ਭੰਗੜੇ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ। ਸਰਕਾਰੀ ਸਕੂਲ ਮੁੰਡੇ ਦੇ ਨਾਲ ਲਗਦੇ ਜਖੇਪਲ ਰੋਡ ਤੇ ਸਥਿਤ ਪਾਰਕ ਵਿਖੇ ਹੋਏ ਇਸ ਸਮਾਗਮ ਵਿੱਚ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਆਯੋਜਕਾਂ ਅਤੇ ਵਰਲਡ ਭੰਗੜਾ ਲੀਗ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਪਰਮਜੀਤ ਸਿੰਘ ਪੰਮੀ ਬਾਈ ਨੇ ਸੰਬੋਧਨ ਦੋਰਾਨ ਕਿਹਾ ਕਿ ਵਰਲਡ ਭੰਗੜਾ ਲੀਗ ਵੱਲੋਂ ਸੁਨਾਮ ਦੀਆਂ ਸਿਰਮੌਰ ਕਲਾਕਾਰ ਸਖਸ਼ੀਅਤਾਂ ਨੂੰ ਇਸ ਵਰ੍ਹੇ ਦੀ ਵਰਲਡ ਭੰਗੜਾ ਲੀਗ ਸਮਰਪਿਤ ਕਰਕੇ ਇਸ ਲੀਗ ਆਗਾਜ਼ ਕਰ ਰਹੇ ਹਨ ਜਿਨ੍ਹਾਂ ਵਿੱਚ ਤਿੰਨੋਂ ਸਵਰਗੀ ਉਸਤਾਦ ਭਾਨਾ ਰਾਮ ਸੁਨਾਮੀ ਢੋਲੀ, ਮਨੋਹਰ ਦੀਪਕ ਸੁਨਾਮੀ ਭੰਗੜਚੀ ਅਤੇ ਮੰਗਲ ਸਿੰਘ ਸੁਨਾਮੀ ਅਲਗੋਜ਼ੇ ਵਾਦਕ ਸ਼ਾਮਲ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਉਕਤ ਸ਼ਖ਼ਸੀਅਤਾਂ ਦਾ ਭੰਗੜੇ ਦੀ ਸਟੇਜੀ ਕਰਨ ਵਿੱਚ ਵੱਡਾ ਯੋਗਦਾਨ ਰਿਹਾ ਹੈ।ਲੋਕ ਨਾਚ ਭੰਗੜੇ ਦੇ 80 ਸਾਲਾਂ ਦੇ ਇਤਿਹਾਸ ਵਿੱਚ ਬਹੁਤ ਉਤਾਰ ਚੜ੍ਹਾਅ ਆਏ ਹਨ ਅਤੇ ਹੁਣ ਵਕਤ ਹੈ ਕਿ ਭੰਗੜੇ ਨੂੰ ਪੂਰਨ ਤੌਰ ਤੇ ਪੇਸ਼ੇਵਰ ਵਜੋਂ ਜਿਵੇਂ ਹਾਕੀ, ਕ੍ਰਿਕਟ ਅਤੇ ਕਬੱਡੀ ਲੀਗ ਖੇਡਾਂ ਦੇਸ਼ ਅੰਦਰ ਹੋ ਰਹੀਆਂ ਹਨ ਅਤੇ ਇਹਨਾਂ ਖੇਡਾਂ ਵਿੱਚ ਖੇਡਣ ਵਾਲੇ ਨੌਜਵਾਨ ਨਾਮ ਦੇ ਨਾਲ ਪੈਸਾ ਵੀ ਕਮਾ ਰਹੇ ਹਨ, ਉਹ ਵੀ ਚਾਹੁੰਦੇ ਹਨ ਕਿ ਨੌਜਵਾਨ ਨਸ਼ਿਆਂ ਅਤੇ ਭੈੜੀ ਸੰਗਤ ਤੋਂ ਦੂਰ ਰਹਿਣ ਅਤੇ ਆਮਦਨ ਦਾ ਸਾਧਨ ਜੁਟਾਇਆ ਜਾ ਸਕੇ। ਉਹਨਾਂ ਦੱਸਿਆ ਕਿ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਇਸ ਭੰਗੜਾ ਲੀਗ ਵਿੱਚ ਹਿੱਸਾ ਲੈ ਸਕਣਗੇ। ਉਹਨਾਂ ਰਲ ਮਿਲਕੇ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਮੁੜ ਤੋਂ ਨੱਚਦਾ ਗਾਉਂਦਾ ਪੰਜਾਬ ਬਣਾਈਏ।ਇਸ ਮੌਕੇ ਪੰਮੀ ਬਾਈ ਨੇ ਇਸ ਪਾਰਕ ਵਿੱਚ ਇਹਨਾਂ ਸਵਰਗਵਾਸੀ ਤਿੰਨਾਂ ਸ਼ਖ਼ਸੀਅਤਾਂ ਦੇ ਬੁੱਤ ਲਾਉਣ ਦੀ ਮੰਗ ਕੀਤੀ ਜਿਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਤੁਰੰਤ ਮੰਨਦਿਆਂ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਸੁਨਾਮੀ ,ਨਰੇਸ਼ ਸ਼ਰਮਾ, ਐਡਵੋਕੇਟ ਤਰਲੋਕ ਸਿੰਘ, ਗੁਰਦੀਪ ਸਿੰਘ ਰੇਲਵੇ ਤੋਂ ਇਲਾਵਾ ਤਿੰਨ੍ਹਾਂ ਸ਼ਖ਼ਸੀਅਤਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।