ਕੋਲਕਾਤਾ : ਪਛਮੀ ਬੰਗਾਲ ਵਿਚ ਹੋਣ ਖ਼ਤਮ ਹੋਇਆਂ ਇਕ ਮਹੀਨਾ ਲੰਘ ਗਿਆ ਹੈ ਪਰ ਲਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਮਤਾ ਬੈਨਰਜੀ ਦੀ ਨਾਰਾਜ਼ਗੀ ਹਾਲੇ ਵੀ ਕਾਇਮ ਹੈ। ਤੂਫ਼ਾਨ ਯਾਸ ਨਾਲ ਹੋਏ ਨੁਕਸਾਨ ਸਬੰਧੀ ਮੋਦੀ ਨਾਲ ਸਮੀਖਿਆ ਬੈਠਕ ਵਿਚ ਮਮਤਾ 30 ਮਿੰਟ ਦੇਰ ਨਾਲ ਪੁੱਜੀ। ਇਹੋ ਨਹੀਂ, ਰਾਜ ਦੇ ਮੁੱਖ ਸਕੱਤਰ ਵੀ ਦੇਰ ਨਾਲ ਪੁੱਜੇ। ਮੀਟਿੰਗ ਵਿਚ ਪਹੁੰਚ ਕੇ ਮਮਤਾ ਨੇ ਚੱਕਰਵਾਤ ਨਾਲ ਰਾਜ ਵਿਚ ਹੋਏ ਨੁਕਸਾਨ ਨਾਲ ਜੁੜੇ ਕੁਝ ਦਸਤਾਵੇਜ਼ ਦਿਤੇ ਅਤੇ ਚਲੀ ਗਈ। ਸੂਤਰਾਂ ਮੁਤਾਬਕ ਮਮਤਾ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਹੋਰ ਮੀਟਿੰਗ ਵਿਚ ਜਾਣਾ ਹੈ। ਮਮਤਾ ਦੇ ਇਸ ਵਿਹਾਰ ਤੋਂ ਕੇਂਦਰ ਅਤੇ ਟੀਐਮਸੀ ਵਿਚਾਲੇ ਇਕ ਵਾਰ ਫਿਰ ਟਕਰਾਅ ਵਧ ਸਕਦਾ ਹੈ। ਮੀਟਿੰਗ ਦੌਰਾਨ ਗਵਰਨਰ ਜਗਦੀਪ ਧਨਖੜ ਵੀ ਮੌਜੂਦ ਸਨ। ਮੀਟਿੰਗ ਮਗਰੋਂ ਮਮਤਾ ਨੇ ਦਸਿਆ ਕਿ ਉਸ ਨੇ ਨੁਕਸਾਨ ਦੀ ਰੀਪੋਰਟ ਸੌਂਪ ਦਿਤੀ ਹੈ। ਉਸ ਨੇ ਕਿਹਾ, ‘ਮੈਨੂੰ ਨਹੀਂ ਪਤਾ ਸੀ ਕਿ ਪ੍ਰਧਾਨ ਮੰਤਰੀ ਨੇ ਮੀਟਿੰਗ ਬੁਲਾਈ ਹੈ। ਮੇਰੀ ਦੀਘਾ ਵਿਚ ਮੀਟਿੰਗ ਸੀ। ਮੈਂ ਪ੍ਰਧਾਨ ਮੰਤਰੀ ਨੂੰ ਰੀਪੋਰਟ ਦੇ ਕੇ 20000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਰਾਜ ਦੇ ਅਧਿਕਾਰੀ ਉਸ ਨੂੰ ਮਿਲਣਾ ਚਾਹੁੰਦੇ ਸਨ, ਇਸ ਲਈ ਉਸ ਨੂੰ ਇਜਾਜ਼ਤ ਲਈ ਅਤੇ ਚਲੀ ਗਈ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਮੋਦੀ ਅਤੇ ਮਮਤਾ ਵਿਚਾਲੇ ਕਾਫ਼ੀ ਤਿੱਖੀ ਬਿਆਨਬਾਜ਼ੀ ਸੁਣਨ ਨੂੰ ਮਿਲੀ ਸੀ। ਸ਼ਾਇਦ ਦੋਹਾਂ ਵਿਚਾਲੇ ਤਲਖੀ ਹਾਲੇ ਵੀ ਕਾਇਮ ਹੈ। ਸੂਤਰ ਇਹ ਵੀ ਦਸਦੇ ਹਨ ਕਿ ਉਸ ਨੂੰ ਮੀਟਿੰਗ ਵਿਚ ਸ਼ੁਭੇਂਦਰ ਅਧਿਕਾਰੀ ਨੂੰ ਬੁਲਾਏ ਜਾਣ ਦਾ ਗੁੱਸਾ ਸੀ। ਅਧਿਕਾਰੀ ਨੇ ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਹਰਾਇਆ ਹੈ।