ਮੁੱਖ ਮੰਤਰੀ ਧੀਆਂ ਦੇ ਆਤਮ ਵਿਸ਼ਵਾਸ ਤੋਂ ਹੋਏ ਪ੍ਰਭਾਵਿਤ
ਸੁਨਾਮ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ। ਨਿੱਜੀ ਸਕੂਲਾਂ ਦੇ ਮੁਕਾਬਲੇ ਵਿਦਿਆਰਥੀ ਚੰਗੇ ਨਤੀਜੇ ਹਾਸਲ ਕਰ ਰਹੇ ਹਨ। ਮੰਗਲਵਾਰ ਨੂੰ ਸੁਨਾਮ ਨੇੜਲੇ ਪਿੰਡ ਛਾਜਲੀ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਨ ਉਪਰੰਤ ਆਯੋਜਿਤ ਕੀਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੇ ਸਾਰਥਿਕ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਪਿੱਛੇ ਛੱਡ ਰਹੇ ਹਨ। ਸਰਕਾਰ ਬੱਚਿਆਂ ਨੂੰ ਤਰੱਕੀ ਕਰਨ ਦਾ ਹਰ ਮੌਕਾ ਪ੍ਰਦਾਨ ਕਰ ਰਹੀ ਹੈ ਇਸ ਲਈ ਬੱਚਿਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਉਸਾਰੂ ਸੋਚ ਤੇ ਪਹਿਰਾ ਦਿੰਦਿਆਂ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਜਦਕਿ ਮਗਰਲੀਆਂ ਸਰਕਾਰਾਂ ਨੇ ਸਿਹਤ ਅਤੇ ਸਿੱਖਿਆ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਛਾਜਲੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਡੈਮੋ ਨੂੰ ਦੇਖਕੇ ਧੀਆਂ ਦੀ ਪ੍ਰਤਿਭਾ ਅਤੇ ਆਤਮਵਿਸ਼ਵਾਸ ਨੂੰ ਦੇਖ ਕੇ ਉਨ੍ਹਾਂ ਦਾ ਮਨ ਸ਼ਾਂਤ ਹੋਇਆ ਹੈ। ਪੰਜਾਬ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਯੋਗਤਾ ਹੀ ਆਧਾਰ ਹੈ ਪੈਸਾ ਜਾਂ ਸਿਫਾਰਸ਼ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਕਾਰੋਬਾਰ ਵਿੱਚ ਹਿੱਸੇਦਾਰੀ ਨਹੀਂ ਕੀਤੀ ਸਗੋਂ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਂਝ ਪਾਈ ਹੈ। ਵਿਰੋਧੀਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਇੱਕ ਆਮ ਪਰਿਵਾਰ ਦਾ ਪੁੱਤਰ ਮੁੱਖ ਮੰਤਰੀ ਕਿਉਂ ਬਣਿਆ ? ਉਨ੍ਹਾਂ ਕਿਹਾ ਕਿ ਕਾਂਗਰਸ ਦੀ ਰਾਜਨੀਤਿਕ ਹਾਲਤ ਇੱਕ ਬਿਮਾਰ ਬਜ਼ੁਰਗ ਵਾਂਗ ਹੈ ਜਿਸਨੂੰ ਡਾਕਟਰ ਘਰ ਲੈ ਜਾਣ ਅਤੇ ਦੇਖਭਾਲ ਕਰਨ ਲਈ ਕਹਿੰਦਾ ਹੈ। ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੱਬ ਨਾਲ ਮੱਥਾ ਲਾਇਆ ਹੋਇਆ ਹੈ। ਪਰਮਾਤਮਾ ਵੀ ਆਪਣੀ ਸ਼ਕਤੀ ਦਿਖਾ ਰਿਹਾ ਹੈ ਪਰ ਉਨ੍ਹਾਂ ਦਾ ਹਉਮੈ ਉਨ੍ਹਾਂ ਨੂੰ ਇਸਦਾ ਅਹਿਸਾਸ ਨਹੀਂ ਹੋਣ ਦੇ ਰਿਹਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਇੱਕ-ਇੱਕ ਰੁਪਏ ਲਈ ਲੜ ਰਹੇ ਹਨ। ਪਹਿਲਾਂ ਦੇ ਵਿੱਤ ਮੰਤਰੀ ਖਜ਼ਾਨਾ ਖਾਲੀ ਹੋਣ ਬਾਰੇ ਰੋਂਦੇ ਰਹੇ ਪਰ ਖਜ਼ਾਨਾ ਖਾਲੀ ਨਹੀਂ ਸੀ ਸਗੋਂ ਉਨ੍ਹਾਂ ਦੇ ਇਰਾਦੇ ਖਾਲੀ ਸਨ। ਮੁੱਖ ਮੰਤਰੀ ਨੇ ਕਿਹਾ ਕਿ ਦਲਿਤ ਚਿਹਰੇ ਵਾਲਾ ਹਰਪਾਲ ਸਿੰਘ ਚੀਮਾਂ ਉਨ੍ਹਾਂ ਦੀ ਸਰਕਾਰ ਵਿੱਚ ਵਿੱਤ ਮੰਤਰੀ ਹੈ। ਤਹਿਸੀਲਦਾਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਇੰਨੀ ਜ਼ਿਆਦਾ ਤਨਖਾਹ ਮਿਲਣ ਦੇ ਬਾਵਜੂਦ ਉਹ ਹਮੇਸ਼ਾ ਰਿਸ਼ਵਤਖੋਰਾਂ 'ਤੇ ਨਜ਼ਰ ਕਿਉਂ ਰੱਖਦੇ ਹਨ। ਸਰਕਾਰੀ ਪ੍ਰਣਾਲੀ ਵਿੱਚ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ। ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸਨੇ ਕਿਹਾ ਕਿ ਸੁਨਾਮ ਇਲਾਕੇ ਵਿੱਚ ਆਉਣ ਤੋਂ ਬਾਅਦ ਉਹ ਬਿਲਕੁਲ ਉਵੇਂ ਹੀ ਮਹਿਸੂਸ ਕਰਦਾ ਹੈ ਜਿਵੇਂ ਇੱਕ ਵਿਆਹੀ ਧੀ ਆਪਣੇ ਮਾਪਿਆਂ ਦੇ ਘਰ ਆਉਣ ਤੋਂ ਬਾਅਦ ਮਹਿਸੂਸ ਕਰਦੀ ਹੈ। ਇੱਥੇ ਸਾਰੇ ਚਿਹਰੇ ਉਸਦੇ ਆਪਣੇ ਹਨ ਅਤੇ ਇੱਥੇ ਆਉਣ ਤੋਂ ਬਾਅਦ ਉਸਨੂੰ ਦੁਬਾਰਾ ਲੋਕ ਸਭਾ ਚੋਣਾਂ ਲੜਨ ਦਾ ਮਨ ਕਰਦਾ ਹੈ। ਇਸ ਇਲਾਕੇ ਨੇ ਹਮੇਸ਼ਾ ਉਸਨੂੰ ਸਤਿਕਾਰ ਅਤੇ ਇੱਜ਼ਤ ਦਿੱਤੀ ਹੈ ਅਤੇ ਇਸ ਇਲਾਕੇ ਨੇ ਉਸਨੂੰ ਕਲਾਕਾਰ ਤੋਂ ਬਾਅਦ ਰਾਜਨੀਤਿਕ ਸ਼ਕਤੀ ਵੀ ਦਿੱਤੀ ਹੈ। ਮਾਲਵੇ ਦੇ ਲੋਕ ਦਿਲ ਦੇ ਸਾਫ਼ ਹਨ ਅਤੇ ਉਹ ਖੁਦ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੇ ਹਨ। ਕਿਸੇ ਤੋਂ ਕੁੱਝ ਵੀ ਲੁਕਿਆ ਨਹੀਂ ਹੈ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਮੁੱਖ ਮੰਤਰੀ ਮਾਨ ਨੂੰ ਇੱਕ ਦੂਰਦਰਸ਼ੀ ਮੁੱਖ ਮੰਤਰੀ ਦੱਸਿਆ। ਸਮਾਗਮ ਵਿੱਚ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਜਸਵੀਰ ਸਿੰਘ ਕੁਦਨੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।