ਨਵੀਂ ਦਿੱਲੀ : ਬੀਤੇ ਦਿਨੀਂ ਐਲੋਪੈਥੀਬਾਰੇ ਬਿਆਨ ਦੇਣ ਮਗਰੋਂ ਵਿਵਾਦਾਂ ਵਿਚ ਘਿਰੇ ਉਦਯੋਗਪਤੀ ਅਤੇ ਯੋਗ ਗੁਰੂ ਰਾਮਦੇਵ ਨੇ ਹੁਣ ਕਿਹਾ ਹੈ ਕਿ ਐਲੋਪੈਥੀ ਤਾਂ 200 ਸਾਲ ਪੁਰਾਣਾ ਬੱਚਾ ਹੈ, ਯੋਗ ਅਤੇ ਆਯੁਰਵੈਦ ਨਾਲ ਬੀਮਾਰੀਆਂ ਦਾ ਪੱਕਾ ਹੱਲ ਹੈ। ਦਰਅਸਲ, ਰਾਮਦੇਵ ਅਪਣੇ ਚੇਲਿਆਂ ਨਾਲ ਹਰ ਰੋਜ਼ ਯੋਗ ਕੈਂਪ ਲਾਉਂਦੇ ਹਨ। ਅੱਜ ਉਨ੍ਹਾਂ ਅਜਿਹੇ ਹੀ ਕੈਂਪ ਵਿਚ ਇਹ ਗੱਲ ਕਹੀ। ਰਾਮਦੇਵ ਨੇ ਕਿਹਾ ਕਿ ਯੋਗ ਅੱਜ ਘਰ ਘਰ ਹੋ ਰਿਹਾ ਹੈ। ਦੁਨੀਆਂ ਭਰ ਵਿਚ ਲੋਕ ਇਸ ਨੂੰ ਅਪਣਾ ਰਹੇ ਹਨ। ਕੋਰੋਨਾ ਕਾਲ ਵਿਚ ਲੋਕ ਯੋਗ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਵਧ ਰਹੀ ਹੈ। ਯੋਗ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਐਲੋਪੈਥੀ ਤਾਂ 200 ਸਾਲ ਪੁਰਾਣਾ ਬੱਚਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਸ ਤੋਂ ਪਹਿਲਾਂ ਇਨਸਾਨ ਜ਼ਿੰਦਾ ਨਹੀਂ ਰਹਿੰਦੇ ਸਨ। ਉਸ ਵਕਤ ਤਾਂ 200 ਸਾਲ ਤਕ ਇਨਸਾਨ ਜ਼ਿੰਦਾ ਰਹਿੰਦੇ ਸਨ। ਯੋਗ ਤੋਂ ਵੱਡੀ ਕੋਈ ਸਾਇੰਸ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ 90 ਫੀਸਦੀ ਮਰੀਜ਼ ਯੋਗ ਅਤੇ ਆਯੁਰਵੈਦ ਨਾਲ ਠੀਕ ਹੋਏ ਹਨ। ਐਲੋਪੈਥੀ ਵਿਚ ਕੋਰੋਨਾ ਦਾ ਹਾਲੇ ਤਕ ਕੋਈ ਇਲਾਜ ਨਹੀਂ। ਪਿਛਲੇ ਦਿਨੀਂ ਰਾਮਦੇਵ ਨੇ ਐਲੋਪੈਥੀ ਨੂੰ ਤਮਾਸ਼ਾ ਦਸਿਆ ਸੀ ਜਿਸ ਕਾਰਨ ਉਸ ਵਿਰੁਧ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਉਸ ਵਿਰੁਧ ਥਾਣੇ ਵਿਚ ਵੀ ਸ਼ਿਕਾਇਤ ਦਿਤੀ ਗਈ ਹੇ।