ਸੁਨਾਮ : ਅਜੋਕੀ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਯਤਨਸ਼ੀਲ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਦੇ ਮੁੱਖ ਸੇਵਾਦਾਰ, ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਸੁਨਾਮ ਦੇ ਮੁੱਖ ਗ੍ਰੰਥੀ ਅਤੇ ਪ੍ਰਸਿੱਧ ਰਾਗੀ ਭਾਈ ਜਗਮੇਲ ਸਿੰਘ ਛਾਜਲਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਸਟ੍ਰੇਲੀਆ ਦੇ ਦੌਰੇ ਤੇ ਜਾ ਰਹੇ ਹਨ ਜੋਂ ਕਿ ਪਹਿਲਾ ਵੀ ਵਿਦੇਸ਼ਾਂ ਚ ਧਰਮ ਪ੍ਰਚਾਰ ਕਰ ਚੁੱਕੇ ਹਨ। ਆਸਟ੍ਰੇਲੀਆ ਲਈ ਰਵਾਨਾ ਹੋਣ ਸਮੇਂ ਭਾਈ ਜਗਮੇਲ ਸਿੰਘ ਛਾਜਲਾ ਨੇ ਗੱਲਬਾਤ ਕਰਦਿਆ ਦੱਸਿਆ ਕਿ ਭਾਵੇਂ ਉਹ ਪਹਿਲਾਂ ਵੱਖ-ਵੱਖ ਦੇਸ਼ਾਂ ਚ ਸਿੱਖ ਧਰਮ ਦਾ ਪ੍ਰਚਾਰ ਕਰ ਚੁੱਕੇ ਹਨ ਪਰ ਆਸਟ੍ਰੇਲੀਆ ਦੀ ਧਰਤੀ ਤੇ ਉਹ ਪਹਿਲੀ ਵਾਰ ਧਰਮ ਦੇ ਪ੍ਰਚਾਰ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਸਿੱਖ ਪਰਿਵਾਰ ਲਾਲਚਵੱਸ ਅਤੇ ਬਹਿਕਾਵੇ ਵਿੱਚ ਆਕੇ ਧਰਮ ਪਰਿਵਰਤਨ ਕਰਕੇ ਇਸਾਈਅਤ ਵੱਲ ਜਾ ਰਹੇ ਹਨ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਸਮੇਂ ਦੀ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਮਹਾਨ ਫ਼ਲਸਫ਼ੇ ਤੋਂ ਜਾਣੂੰ ਕਰਵਾਉਣ ਲਈ ਸਿੱਖ ਸੰਸਥਾਵਾਂ ਅਤੇ ਸਭਾ ਸੋਸਾਇਟੀਆ ਨੂੰ ਵਡੇਰੇ ਯਤਨ ਕਰਨੇ ਚਾਹੀਦੇ ਹਨ। ਦੱਸ ਦੇਈਏ ਭਾਈ ਜਗਮੇਲ ਸਿੰਘ ਛਾਜਲਾ ਦੇ ਯਤਨਾਂ ਸਦਕਾ ਖਾਲਸਾ ਸਾਜਨਾ ਦਿਵਸ ਮੌਕੇ ਸੁਨਾਮ ਵਿਖੇ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰੀਆਂ ਟਰੱਸਟ ਦੇ ਸਹਿਯੋਗ ਨਾਲ ਸੁਨਾਮ ਵਿਖੇ ਦਸਤਾਰ ਸਿਖਲਾਈ ਕੈਂਪ ਅਤੇ ਸ਼ਹਿਰ ਅੰਦਰ ਪਹਿਲੀ ਵਾਰ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਸੀ ਜਿਸ ਵਿੱਚ ਸੈਂਕੜੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਸੀ। ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਮੁੱਖੀਆ ਨੇ ਭਾਈ ਜਗਮੇਲ ਸਿੰਘ ਛਾਜਲਾ ਨੂੰ ਵਧਾਈ ਦਿੱਤੀ।