ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਦੇ ਇਲਾਕੇ ਸੀਤਾਪੁਰ ਵਿਚ ਇਕ ਦਰਦਨਾਕ ਹਾਦਸੇ ਵਿਚ ਕਈਆਂ ਦੀ ਜਾਨ ਚਲੀ ਗਈ। ਇਥੇ ਅਚਾਨਕ ਆਏ ਤੂਫਾਨ ਕਾਰਨ ਵਿਆਹ ਦਾ ਪੰਡਾਲ ਡਿੱਗ ਗਿਆ ਅਤੇ ਲੋਹੇ ਦੀ ਪਾਈਪ ਹਾਈਟੈਨਸ਼ਨ ਬਿਜਲੀ ਦੀ ਲਾਈਨ ਦੇ ਸੰਪਰਕ ਵਿਚ ਆ ਗਈ। ਅਚਾਨਕ ਵਾਪਰੇ ਇਸ ਹਾਦਸੇ ਵਿਚ ਕੁਲ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿਚ ਲਾੜਾ ,ਉਸ ਦਾ ਚਾਚਾ ਤੇ ਹੋਰ ਰਿਸ਼ਤੇਦਾਰ ਸ਼ਾਮਲ ਹਨ। ਤਿੰਨ ਹੋਰ ਵਿਅਕਤੀਆਂ ਦਾ ਜ਼ਿਲਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਕਮਲਾਪੁਰ ਥਾਣਾ ਖੇਤਰ ਵਿਚ ਸੀਤਾ ਰਸੋਈ ਨੇੜੇ ਹਨੂੰਮਾਨਪੁਰ ਪਿੰਡ ਵਿਚ ਵਾਪਰੀ। ਇਥੇ ਰਾਜੇਂਦਰ ਪਾਲ ਦੀ ਬੇਟੀ ਦੀ ਬਰਾਤ ਬਿਸਵਾਂ ਦੇ ਪਿੰਡ ਮੋਚਕਲਾਂ ਤੋਂ ਆਈ ਸੀ। ਸਮਾਗਮ ਦੌਰਾਨ ਅਚਾਨਕ ਮੌਸਮ ਵਿਗੜ ਗਿਆ ਅਤੇ ਬਰਸਾਤ ਸ਼ੁਰ਼ੁ ਹੋ ਗਈ ਸੀ। ਤੂਫਾਨ ਕਾਰਨ ਵਿਆਹ ਦਾ ਪੰਡਾਲ ਉੱਖੜ ਗਿਆ ਅਤੇ ਲੋਹੇ ਦੀ ਪਾਈਪ ਇਸ ਦੇ ਉੱਪਰੋਂ ਲੰਘ ਰਹੀ ਹਾਈਟੈਨਸ਼ਨ ਲਾਈਨ ਦੇ ਸੰਪਰਕ ਵਿਚ ਆ ਗਈ। ਜ਼ਿਲ੍ਹਾ ਹਸਪਤਾਲ ਵਿਚ ਮੁਢਲੇ ਇਲਾਜ ਦੌਰਾਨ ਐਮਰਜੈਂਸੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਡੀਐਮ ਵਿਸ਼ਾਲ ਭਾਰਦਵਾਜ, ਐਸਪੀ ਆਰਪੀ ਸਿੰਘ, ਸਿਟੀ ਕੋਤਵਾਲ ਟੀਪੀ ਸਿੰਘ ਜ਼ਿਲ੍ਹਾ ਹਸਪਤਾਲ ਪਹੁੰਚੇ। ਐਮਰਜੈਂਸੀ ਦੇ ਡਾਕਟਰ ਨੇ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਮਗਰੋਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਇਸ ਘਟਨਾ ਸਬੰਧੀ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਹੈ।