ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦਸਿਆ ਕਿ ਦੇਸ਼ ਵਿਚ ਕੋਵਿਡ-19 ਟੀਕਾਕਰਨ ਲਈ ਜੂਨ ਦੇ ਮਹੀਨੇ ਵਿਚ ਕਰੀਬ 12 ਕਰੋੜ ਖ਼ੁਰਾਕ ਉਪਲਭਧ ਹੋਣਗੀਆਂ। ਇਸ ਤੋਂ ਪਹਿਲਾਂ ਮਈ ਦੇ ਮਹੀਨੇ ਵਿਚ ਟੀਕੇ ਦੀਆਂ 7.94 ਕਰੋੜ ਖ਼ੁਰਾਕਾਂ ਉਪਲਭਧ ਸਨ। ਮੰਤਰਾਲੇ ਨੇ ਬਿਆਨ ਰਾਹੀਂ ਦਸਿਆ ਕਿ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ ਖ਼ੁਰਾਕਾਂ ਦੀ ਵੰਡ ਉਥੇ ਹੋਣ ਵਾਲੀ ਖਪਤ, ਉਸ ਦੀ ਆਬਾਦੀ ਅਤੇ ਟੀਕੇ ਦੀ ਬਰਬਾਦੀ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਗੱਲ ਦੀ ਸਪੱਸ਼ਟ ਜਾਣਕਾਰੀ ਦਿਤੀ ਗਈ ਹੈ ਕਿ ਜੂਨ 2021 ਵਿਚ ਉਨ੍ਹਾਂ ਨੂੰ ਟੀਕੇ ਦੀਆਂ ਕਿੰਨੀਆਂ ਖ਼ੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ। ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੂਨ ਦੇ ਮਹੀਨੇ ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਉਥੇ ਮੌਜੂਦ ਸਿਹਤ ਕਾਮਿਆਂ, ਅਗਲੇ ਮੋਰਚੇ ’ਤੇ ਤੈਨਾਤ ਮੁਲਾਜ਼ਮਾਂ ਦੇ ਇਲਾਵਾ 45 ਜਾਂ ਉਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਟੀਕੇ ਦੀਆਂ 6.09 ਕਰੋੜ ਖ਼ੁਰਾਕਾਂ ਮੁਫ਼ਤ ਉਪਲਭਧ ਹੋਣਗੀਆਂ।