ਨਵੀਂ ਦਿੱਲੀ : ਲਗਜ਼ਰੀ ਹੋਟਲਾਂ ਵਿਚ ਕੋਵਿਡ ਟੀਕਾਕਰਨ ਕਰ ਰਹੇ ਹਸਪਤਾਲਾਂ ’ਤੇ ਕੇਂਦਰ ਸਰਕਾਰ ਨੇ ਸਖ਼ਤੀ ਸ਼ੁਰੂ ਕਰ ਦਿਤੀ ਹੈ। ਸਰਕਾਰ ਨੇ ਅਜਿਹੇ ਹਸਪਤਾਲਾਂ ਵਿਰੁਧ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ ਹੈ। ਅਧਿਕਾਰੀਆਂ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਹੈ ਕਿ ਅਧਿਕਾਰੀ ਉਨ੍ਹਾਂ ਹੋਟਲਾਂ ਅਤੇ ਹਸਪਤਾਲਾਂ ’ਤੇ ਨਜ਼ਰ ਰੱਖਣ ਜੋ ਵੈਕਸੀਨੇਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਪੱਤਰ ਵਿਚ ਕਿਹਾ ਗਿਆ ਹੈ ਕਿ ਕੁਝ ਪ੍ਰਾਈਵੇਟ ਹਸਪਤਾਲਾਂ ਨੇ ਵੱਡੇ ਵੱਡੇ ਹੋਟਲਾਂ ਨਾਲ ਕਰਾਰ ਕੀਤਾ ਹੈ ਜਿਸ ਵਿਚ ਵੈਕਸੀਨੇਸ਼ਨ ਦਾ ਪੈਕੇਜ ਦਿਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਹੀ ਟੀਕਾਕਰਨ ਹੋ ਸਕਦਾ ਹੈ। ਕੰਪਨੀਆਂ ਅਪਣੇ ਮੁਲਾਜ਼ਮਾਂ ਦਾ ਟੀਕਾਕਰਨ ਦਫ਼ਤਰ ਵਿਚ ਕਰਵਾ ਸਕਦੀਆਂ ਹਨ। ਵੈਕਸੀਨੇਸ਼ਨ ਸੈਂਟਰ ਦੂਰ ਹੋਣ ’ਤੇ ਬਜ਼ੁਰਗਾਂ ਲਈ ਸੁਸਾਇਟੀ ਵਿਚ ਕੈਂਪ ਲਾਇਆ ਜਾ ਸਕਦਾ ਹੈ। ਪੰਚਾਇਤ ਭਵਨ, ਸਕੂਲ ਅਤੇ ਕਾਲਜ ਨੂੰ ਅਸਥਾਈ ਟੀਕਾਕਰਨ ਕੇਂਦਰ ਬਣਾਇਆ ਜਾ ਸਕਦਾ ਹੈ। ਹੋਟਲ ਪੈਕੇਜ ਵਿਚ ਵੈਕਸੀਨ ਲਗਵਾਉਣ ਵਾਲਿਆਂ ਨੂੰ ਕਈ ਸਹੂਲਤਾਂ ਦੇ ਰਹੇ ਹਨ ਜਿਨ੍ਹਾਂ ਵਿਚ ਰੁਕਣ ਦਾ ਪ੍ਰਬੰਧ, ਹੈਲਦੀ ਬ੍ਰੇਕਫ਼ਾਸਟ, ਡਿਨਰ ਅਤੇ ਵਾਈ ਫ਼ਾਈ ਦੇ ਇਲਾਵਾ ਹਸਪਤਾਲਾਂ ਦੁਆਰਾ ਮਾਹਰ ਵੀ ਉਪਲਭਧ ਕਰਾਇਆ ਜਾ ਰਿਹਾ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਹ ਮਾਮਲਾ ਚੁਕਿਆ ਹੈ।