ਨਵੀਂ ਦਿੱਲੀ : ਪਿਛਲੇ ਦਿਨੀ ਉਲੰਪਿਕ ਜੇਤੂ ਭਲਵਾਨ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਇਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਇਸੇ ਕੇਸ ਦੀ ਤਫ਼ਤੀਸ਼ ਲਈ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉੱਤਰਾਖੰਡ ਦੇ ਹਰਿਦੁਆਰ ਲੈ ਕੇ ਪਹੁੰਚੀ ਹੈ ਜਿੱਥੇ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ਵਿਚ ਉਹ ਕਥਿਤ ਤੌਰ 'ਤੇ ਲੁਕਿਆ ਹੋਇਆ ਸੀ। ਪੁਲਿਸ ਉਥੋਂ ਉਸਦਾ ਮੋਬਾਈਲ ਫੋਨ ਬਰਾਮਦ ਕਰਨ ਦੀ ਕੋਸ਼ਿਸ਼ ਵੀ ਕਰੇਗੀ | ਇਹ ਜਾਣਕਾਰੀ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਵਲੋਂ ਦਿਤੀ ਗਈ ਹੈ |ਇਥੇ ਦਸ ਦਈਏ ਕਿ ਇਸ ਕਤਲ ਸਬੰਧੀ ਇਕ ਦਿਨ ਪਹਿਲਾਂ ਹੀ ਪੁਲਿਸ ਦੇ ਹੱਥ ਮੌਕਾ ਏ ਵਾਰਦਾਤ ਸਮੇਂ ਬਣੀ ਇਕ ਵੀਡੀਓ ਵੀ ਲੱਗੀ ਸੀ । ਸਮਝਿਆ ਜਾ ਰਿਹਾ ਹੈ ਇਸ ਵੀਡੀਓ ਦੇ ਮਿਲਦ ਮਗਰੋਂ ਪੁਲਿਸ ਦਾ ਕੇਸ ਮਜਬੂਤ ਹੋ ਗਿਆ ਹੈ, ਕਿਉਂਕਿ ਇਸ ਵੀਡੀਓ ਵਿਚ ਸਾਫ਼ ਸਾਫ਼ ਨਜ਼ਰ ਆ ਰਿਹਾ ਸੀ ਕਿ ਸੁਸ਼ੀਲ ਕੁਮਾਰ ਕਿਸ ਤਰ੍ਹਾਂ ਹਮਲਾਵਰ ਹੋਇਆ ਸੀ। ਇਥੇ ਦਸਣਯੋਗ ਹੈ ਕਿ ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਦੇ ਦੋਸ਼ ਵਿੱਚ ਫਰਾਰ ਚੱਲ ਰਹੇ ਉਲੰਪਿਕ ਤਗਮਾ ਵਿਜੇਤਾ ਸ਼ੁਸੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਬੀਤੇ ਦਿਨੀ ਹੀ ਕਾਬੂ ਕੀਤਾ ਸੀ। ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਛਤਰਸਾਲ ਸਟੇਡੀਅਮ ਵਿੱਚ ਹੋਏ ਝਗੜੇ ਦੌਰਾਨ ਸਾਗਰ ਰਾਣਾ ਤੇ ਉਸ ਦੇ ਦੋ ਦੋਸਤ ਸੋਨੂੰ ਤੇ ਅਮਿਤ ਕੁਮਾਰ ਜ਼ਖ਼ਮੀ ਹੋ ਗਏ ਸਨ ਪਰ ਸਾਗਰ ਦੀ ਮਗਰੋਂ ਮੌਤ ਹੋ ਗਈ ਸੀ। ਉਸੇ ਵਾਰਦਾਤ ਦੀ ਰਾਤ ਤੋਂ ਸੁਸ਼ੀਲ ਕੁਮਾਰ ਫਰਾਰ ਚੱਲ ਰਿਹਾ ਸੀ।