ਬੀਜਿੰਗ : ਚੀਨ ਦੀ ਕਮਿਊਨਿਸਟ ਪਾਰਟੀ ਉਮਰਦਰਾਜ਼ ਹੁੰਦੀ ਦੇਸ਼ ਦੀ ਆਬਾਦੀ ਨੂੰ ਵੇਖਦਿਆਂ ਬੱਚਿਆਂ ਦੇ ਜਨਮ ’ਤੇ ਲਾਗੂ ਹੱਦ ਵਿਚ ਹੋਰ ਢਿੱਲ ਦੇਣ ਬਾਰੇ ਵਿਚਾਰ ਕਰ ਰਹੀ ਹੈ ਤਾਕਿ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕੇ। ਸਰਕਾਰੀ ਖ਼ਬਰ ਏਜੰਸੀ ਮੁਤਾਬਕ ਇਸ ਤੋਂ ਪਹਿਲਾਂ ਸਾਹਮਣੇ ਆਏ ਜਨਸੰਖਿਆ ਸਬੰਧੀ ਅੰਕੜਿਆਂ ਤੋਂ ਪਤਾ ਲੱਗਾ ਸੀ ਕਿ ਬੀਤੇ ਇਕ ਦਹਾਕੇ ਵਿਚ ਚੀਨ ਵਿਚ ਕੰਮਕਾਜੀ ਉਮਰਵਰਗ ਦੀ ਆਬਾਦੀ ਵਿਚ ਕਮੀ ਆਈ ਹੈ ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਸੰਖਿਆ ਵਧੀ ਹੈ ਜਿਸ ਦਾ ਅਸਰ ਸਮਾਜ ਅਤੇ ਅਰਥਚਾਰੇ ’ਤੇ ਪੈ ਰਿਹਾ ਹੈ। ਸੱਤਾਧਿਰ ਦੇ ਪੋਲਿਟ ਬਿਊਰੋ ਦੀ ਸੋਮਵਾਰ ਨੂੰ ਹੋਈ ਬੈਠਕ ਵਿਚ ਤੈਅ ਹੋਇਆ ਕਿ ਚੀਨ ਬਜ਼ੁਰਗ ਹੁੰਦੀ ਆਬਾਦੀ ਨਾਲ ਸਰਗਰਮ ਰੂਪ ਵਿਚ ਨਿਪਟਣ ਲਈ ਪ੍ਰਮੁੱਖ ਨੀਤੀਆਂ ਅਤੇ ਉਪਾਅ ਲਿਆਵੇਗਾ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜਨਮ ਦੇਣ ਦੀ ਉਮਰ ਹੱਦ ਵਿਚ ਢਿੱਲੇ ਦਿਤੀ ਜਾਵੇ ਜਿਸ ਤਹਿਤ ਜੋੜੇ ਤਿੰਨ ਬੱਚਿਆਂ ਨੂੰ ਵੀ ਜਨਮ ਦੇ ਸਕਦੇ ਹਨ ਅਤੇ ਇਸ ਨਾਲ ਜੁੜੇ ਕਦਮ ਚੁੱਕਣ ਨਾਲ ਚੀਨ ਦੇ ਆਬਾਦੀ ਸਬੰਧੀ ਢਾਂਚੇ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਜੋੜਿਆਂ ਦੇ ਇਕ ਹੀ ਬੱਚਾ ਪੈਦਾ ਕਰਨ ਦੀ ਆਗਿਆ ਸਬੰਧੀ ਨਿਯਮਾਂ ਵਿਚ 2015 ਵਿਚ ਢਿੱਲ ਦਿਤੀ ਗਈ ਸੀ ਅਤੇ ਦੋ ਬੱਚਿਆਂ ਨੂੰ ਜਨਮ ਦੇਣ ਦੀ ਇਜਾਜ਼ਤ ਦਿਤੀ ਗਈ ਸੀ। ਫਿਰ ਇਕ ਸਾਲ ਬਾਅਦ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਪਰ ਬਾਅਦ ਵਿਚ ਇਸ ਵਿਚ ਕਮੀ ਵੇਖੀ ਗਈੇ।