ਨਵੀਂ ਦਿੱਲੀ : ਕੋਰੋਨਾ ਕਾਰਨ ਤੜਫ਼ ਰਹੇ ਲੋਕਾਂ ਲਈ ਭਾਰਤ ਸਰਕਾਰ ਨੇ ਇਕ ਹੋਰ ਸਹਾਇਤਾ ਪੇਸ਼ ਕੀਤੀ ਹੈ ਜਿਸ ਰਾਹੀ ਹੁਣ ਕੋਈ ਵੀ ਨਾਗਰਿਕ ਕੋਰੋਨਾ ਵੈਕਸੀਨ ਲਵਾਉਣ ਲਈ ਇਕ ਹੈਲਪਲਾਈਨ ਨੰਬਰ ਡਾਇਲ ਕਰ ਸਕਦਾ ਹੈ। ਇਸ ਹੈਲਪਲਾਈਨ ਨੰਬਰ ਦੀ ਸਹਾਇਤਾ ਨਾਲ ਕੋਰੋਨਾ ਵੈਕਸੀਨ ਲਵਾਉਣ ਦੇ ਚਾਹਵਾਣ ਆਪਣੀ ਬੁਕਿੰਗ ਕਰਵਾ ਸਕਦੇ ਹਨ।ਇਥੇ ਦਸਣਯੋਗ ਹੈ ਕਿ ਇਹ ਹੈਲਪਲਾਈਨ ਨੰਬਰ ਉਨ੍ਹਾਂ ਲੋਕਾਂ ਲਈ ਜਿ਼ਆਦਾ ਸਹਾਈ ਹੋਵੇਗਾ ਜੋ ਲੋਕ ਇੰਟਰਨੈਟ ਦੀ ਵਰਤੋ ਨਹੀ ਕਰਦੇ।ਦਰਅਸਲ ਭਾਰਤ ਸਰਕਾਰ ਨੇ ਰਾਸ਼ਟਰੀ Helpline number 1075 ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਦੇਸ਼ 'ਚ ਕਿਤੇ ਵੀ ਟੀਕਾਕਰਨ ਲਈ ਅਪਲਾਈ ਕੀਤਾ ਜਾ ਸਕਦਾ ਹੈ। ਰਾਸ਼ਟਰੀ ਸਿਹਤ ਅਥਾਰਟੀ ਤਕਨਾਲੋਜੀ ਦੇ ਮੁਖੀ ਆਰਐੱਸ ਸ਼ਰਮਾ ਨੇ ਕਿਹਾ ਕਿ ਅਸੀਂ 1075 ਕਾਲ ਸੈਂਟਰ ਖੋਲ੍ਹੇ ਹਨ, ਜਿੱਥੇ ਕੋਈ ਵੀ ਕਾਲ 'ਤੇ ਅਪਾਇੰਟਮੈਂਟ ਬੁੱਕ ਕਰਵਾ ਸਕਦਾ ਹੈ। ਕੋਵਿਨ ਐਪ ਬਾਰੇ ਆਰਐੱਸ ਸ਼ਰਮਾ ਨੇ ਕਿਹਾ ਕਿ ਵਿਵਸਥਾ ਪਾਰਦਰਸ਼ੀ ਹੈ। ਚਾਹੇ ਵੀਵੀਆਈਪੀ ਹੋਵੇ ਜਾਂ ਸਹੀ ਨਾਗਰਿਕ, ਹਰ ਕੋਈ ਟੀਕਾਕਰਨ ਲਈ ਖਾਲੀ ਥਾਵਾਂ ਦੇ ਇਕ ਹੀ ਡੇਟਾ ਨੂੰ ਦੇਖ ਰਿਹਾ ਹੈ। ਇਹ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਸਿਸਟਮ ਕਿਸੇ ਨੂੰ ਕੋਈ ਪਹਿਲ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਕਲੈਕਟਰ, ਸਿਹਤ ਕੇਂਦਰਾਂ ਦੇ ਮੁਲਾਜ਼ਮ ਜਾਗਰੂਕਤਾ ਪੈਦਾ ਕਰ ਰਹੇ ਹਨ ਤੇ ਪੇਂਡੂ ਆਬਾਦੀ ਨੂੰ ਟੀਕਾਕਰਨ 'ਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥਰਡ ਪਾਰਟੀ ਏਕੀਕਰਨ ਲਈ ਨੀਤੀ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਕੋਵਿਨ 'ਤੇ ਉਪਲਬਧ ਹੈ।