ਨਵੀਂ ਦਿੱਲੀ : ਕਨਫੈਡਰੇਸ਼ਨ ਆਫ ਇੰਡੀਅਨ ਅਲਕੋਹਲਿਕ ਬੇਵਰੇਜ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਮੁੰਬਈ ’ਚ ਕੋਰੋਨਾ ਕਾਰਨ ਦੁਕਾਨਾਂ ਬੰਦ ਹਨ, ਇਥੇ ਸਰਕਾਰ ਨੇ ਸ਼ਰਾਬ ਦੀ ਹੋਮ ਡਿਲਿਵਰੀ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਦਿੱਲੀ ਸਰਕਾਰ ਨੇ ਵੀ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਥੇ ਦਸਣਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਜਦੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤਾਲਾਬੰਦੀ ਦੌਰਾਨ ਢਿਲ ਦਿਤੀ ਸੀ ਤਾਂ ਇਕੋ ਵੇਲੇ ਸ਼ਰਾਬ ਦੇ ਠੇਕਿਆਂ ਉਪਰ ਗਾਹਕਾਂ ਦੀ ਭੀੜ ਲੱਗ ਗਈ ਸੀ। ਜੇਕਰ ਇਸ ਵਾਰ ਵੀ ਇਵੇਂ ਹੁੰਦਾ ਤਾਂ ਕੋਰੋਨਾ ਹੋਰ ਫ਼ੈਲਣ ਦਾ ਕਰਨ ਬਣ ਜਾਣਾ ਸੀ । ਇਸੇ ਕਰ ਕੇ ਦਿੱਲੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸ਼ਰਾਬ ਖ਼ਰੀਦਣ ਲਈ ਭੀੜ ਇਕੱਠੀ ਨਹੀਂ ਹੋਵੇਗੀ, ਸਿਰਫ਼ ਹੋਮ ਡਲੀਵਰੀ ਰਾਹੀਂ ਹੀ ਸ਼ਰਾਬ ਮਿਲੇਗੀ। ਇਸ ਲਈ ਸ਼ਰਾਬ ਖ਼ਰੀਦਣ ਦਾ ਆਰਡਰ ਮੋਬਾਇਲ ਐਪ ਜਾਂ ਵੈੱਬ ਪੋਰਟਲ ਰਾਹੀਂ ਦਿੱਤਾ ਜਾ ਸਕਦਾ ਹੈ। ਇਥੇ ਦਸ ਦਈਏ ਕਿ ਕਾਨੂੰਨ ਮੁਤਾਬਕ ਹੀ ਲਾਈਸੈਂਸ ਧਾਰਕਾਂ ਨੂੰ ਲੋਕਾਂ ਦੇ ਘਰ ਤਕ ਸ਼ਰਾਬ ਪਹੁੰਚਾਉਣ ਦੀ ਮਨਜ਼ੂਰੀ ਹੋਵੇਗੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਲਾਈਸੈਂਸ ਧਾਰਕ ਸਿਰਫ਼ ਮੋਬਾਇਲ ਐਪ ਜਾਂ ਆਨਲਾਈਨ ਵੈੱਬ ਪੋਰਟਲ ਰਾਹੀਂ ਆਰਡਰ ਮਿਲਣ ’ਤੇ ਹੀ ਘਰਾਂ ’ਚ ਸ਼ਰਾਬ ਡਿਲਿਵਰ ਕਰੇਗਾ ਅਤੇ ਕਿਸੇ ਵੀ ਹੋਸਟਲ, ਦਫਤਰ ਅਤੇ ਸੰਸਥਾ ਨੂੰ ਕੋਈ ਡਿਲਿਵਰੀ ਨਹੀਂ ਕੀਤੀ ਜਾਵੇਗੀ। ਦਿੱਲੀ ਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਕਈ ਥਾਈਂ ਵਿਰੋਧ ਵੀ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਸ਼ਰਾਬ ਦੀ ਹੋਮ ਡਲੀਵਰੀ ਹੋਵੇਗੀ ਤਾਂ ਲੋਕਾਂ ਦੀ ਸਿਹਤ ਉਤੇ ਮਾੜਾ ਅਸਰ ਪਵੇਗੀ, ਕਿਉਂਕਿ ਤਾਲਾਬੰਦੀ ਕਾਰਨ ਕਈਆਂ ਦੀ ਸ਼ਰਾਬ ਪੀਣ ਦੀ ਆਦਤ ਹਟ ਚੁੱਕੀ ਹੈ ਅਤੇ ਹੁਣ ਉਨ੍ਹਾਂ ਲੋਕਾਂ ਨੂੰ ਸ਼ਰਾਬ ਆਸਾਨੀ ਨਾਲ ਮਿਲੇਗੀ।