ਵੀਂ ਦਿੱਲੀ : ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਅੱਜ ਪੰਜਾਬ ਦੇ ਕਈ ਵਿਧਾਇਕਾਂ ਸਮੇਤ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪੇਸ਼ ਹੋਏ। ਉਨ੍ਹਾਂ ਕਮੇਟੀ ਸਾਹਮਣੇ ਆਪੋ ਅਪਣੇ ਪੱਖ ਰੱਖੇ। ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਅਪਣੇ ਪੁਰਾਣੇ ਅੰਦਾਜ਼ ਵਿਚ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ। ਉਨ੍ਹਾਂ ਕਿਹਾ, ‘'ਜੋ ਮੇਰਾ ਸਟੈਂਡ ’ਤੇ ਮੈਂ ਉਸ ’ਤੇ ਕਾਇਮ ਹਾਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਸੱਚ ਅਤੇ ਹੱਕ ਦੀ ਆਵਾਜ਼ ਹਾਈਕਮਾਨ ਸਾਹਮਣੇ ਬੁਲੰਦ ਤਰੀਕੇ ਨਾਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਨਾਗਰਿਕ ਨੂੰ ਹਿੱਸੇਦਾਰ ਬਣਾਉਣਾ ਹੈ ਅਤੇ ਹਰ ਪੰਜਾਬ ਵਿਰੋਧੀ ਤਾਕਤ ਨੂੰ ਹਰਾਉਣਾ ਹੈ। ਅਖੀਰ ਵਿਚ ਸਿੱਧੂ ਨੇ ਕਿਹਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਪੰਜਾਬੀਅਤ ਅਤੇ ਜਿੱਤੇਗਾ ਹਰ ਪੰਜਾਬੀ।
ਸਿੱਧੂ ਨੇ ਇਹ ਵੀ ਕਿਹਾ ਕਿ ਕਮੇਟੀ ਵਲੋਂ ਜੋ ਕੁੱਝ ਵੀ ਉਨ੍ਹਾਂ ਤੋਂ ਪੁੱਛਿਆ ਗਿਆ ਉਨ੍ਹਾਂ ਹਰ ਸਵਾਲ ਦਾ ਜਵਾਬ ਦਿੱਤਾ ਅਤੇ ਉਹ ਇੱਥੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਉਹ ਹਾਈਕਮਾਨ ਤਕ ਪਹੁੰਚਾਉਣ ਲਈ ਆਏ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਸਮੇਤ ਪੰਜਾਬ ਦੇ ਕੁਝ ਕੈਬਨਿਟ ਮੰਤਰੀ ਅਤੇ ਵਿਧਾਇਕ ਬੇਅਦਬੀ ਦੇ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣ ਕਾਰਨ ਕਾਂਗਰਸ ਸਰਕਾਰ ਖ਼ਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਪੰਜਾਬ ਕਾਂਗਰਸ ਅੰਦਰ ਛਿੜੀ ਖ਼ਾਨਾਜੰਗੀ ਤੋਂ ਦੁਖੀ ਕਾਂਗਰਸ ਹਾਈ ਕਮਾਨ ਨੇ ਪਿਛਲੇ ਦਿਨੀਂ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਜਿਸ ਨੇ ਪੰਜਾਬ ਦੇ ਇਨ੍ਹਾਂ ਆਗੂਆਂ ਨੂੰ ਦਿੱਲੀ ਸੱਦਿਆ ਹੋਇਆ ਹੈ। ਵੀਰਵਾਰ ਨੂੰ ਕੈਪਟਨ ਨੂੰ ਵੀ ਕਮੇਟੀ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਹੈ।