ਨਵੀਂ ਦਿੱਲੀ : ਕਰੋੜਾਂ ਰੁਪਏ ਦੇ ਪੀਐਨਬੀ ਘੁਟਾਲੇ ਦਾ ਮੁਲਜ਼ਮ ਹੁਣ ਵੀ ਕੈਰੇਬੀਅਨ ਦੇਸ਼ ਡੋਮਨਿਕਾ ਦੇ ਕੁਆਰਨਟੀਨ ਸੈਂਟਰ ਵਿਚ ਹੈ। ਕਾਨੂੰਨੀ ਤੌਰ ’ਤੇ ਉਹ ਪੁਲਿਸ ਹਿਰਾਸਤ ਵਿਚ ਹੈ। ਮੇਹੁਲ ਦੇ ਵਕੀਲ ਅਤੇ ਪਰਵਾ ਉਸ ਨੂੰ ਐਂਟੀਗੁਆ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਾਲੇ, ਇਸ ਭਗੌੜੇ ਹੀਰਾ ਕਾਰੋਬਾਰੀ ਦੀ ਪਤਨੀ ਨੇ ਉਸ ਔਰਤ ਬਾਰੇ ਹੈਰਾਨੀਜਨਕ ਪ੍ਰਗਟਾਵਾ ਕੀਤਾ ਹੈ ਜੋ ਕਥਿਤ ਤੌਰ ’ਤੇ ਚੋਕਸੀ ਨਾਲ ਡੋਮਨਿਕਾ ਗਈ ਸੀ। ਮੇਹੁਲ ਦੀ ਪਤਨੀ ਪ੍ਰੀਤੀ ਨੇ ਦਾਅਵਾ ਕੀਤਾ ਕਿ ਉਹ ਵੀ ਉਸ ਔਰਤ ਨੂੰ ਜਾਣਦੀ ਹੈ ਜੋ ਉਸ ਦੇ ਪਤੀ ਨਾਲ ਡੋਮਨਿਕਾ ਗਈ ਸੀ। ਪ੍ਰੀਤੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੇ ਪਤੀ ’ਤੇ ਅਤਿਆਚਾਰ ਕੀਤਾ ਹੈ। ਮੇਹੁਲ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਪਹਿਲਾਂ ਹੀ ਕਈ ਬੀਮਾਰੀਆਂ ਤੋਂ ਪੀੜਤ ਹੈ। ਉਹ ਐਂਟੀਗੁਆ ਦਾ ਨਾਗਰਿਕ ਹੈ ਅਤੇ ਉਥੋਂ ਦੇ ਸੰਵਿਧਾਨ ਮੁਤਾਬਕ ਉਸ ਨੂੰ ਸਾਰੇ ਅਧਿਕਾਰ ਪ੍ਰਾਪਤ ਹਨ। ਉਸ ਨੇ ਕਿਹਾ, ‘ਮੈਂ ਕੈਰੇਬੀਆਈ ਦੇਸ਼ਾਂ ਦੇ ਕਾਨੂੰਨ ਦਾ ਸਨਮਾਨ ਅਤੇ ਉਨ੍ਹਾਂ ਵਿਚ ਭਰੋਸਾ ਕਰਦੀ ਹਾਂ। ਸਾਨੂੰ ਮੇਹੁਲ ਦੇ ਛੇਤੀ ਅਤੇ ਸੁਰੱਖਿਅਤ ਐਂਟੀਗੁਆ ਮੁੜਨ ਦੀ ਉਡੀਕ ਹੈ।’ ਦੋਸ਼ ਲੱਗ ਰਹੇ ਹਨ ਕਿ ਮੇਹੁਲ ਦਾ ਭਰਾ ਡੋਮੀਨਿਕਾ ਦੇ ਵਿਰੋਧੀ ਸੰਸਦ ਮੈਂਬਰਾਂ ਨੂੰ ਰਿਸ਼ਵਤ ਦੇ ਕੇ ਉਸ ਨੂੰ ਰਿਹਾਅ ਕਰਾਉਣ ਅਤੇ ਐਂਟੀਗੁਆ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਮੇਹੁਲ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ, ‘ਮੇਹੁਲ ਦੇ ਭਾਈ ਨੇ ਡੋਮਨਿਕਾ ਦੇ ਵਿਰੋਧੀ ਧਿਰਾਂ ਨਾਲ ਗੱਲਬਾਤ ਕੀਤੀ ਹੈ। ਲੋਕ ਤਮਾਕ ਤਰ੍ਹਾਂ ਦੇ ਝੂਠ ਬੋਲ ਰਹੇ ਹਨ। ਮੇਹੁਲ ਦਾ ਭਰਾ ਇਥੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਨ ਲਈ ਆਇਆ ਹੈ। ਦੂਜੇ ਪਾਸੇ, ਮੇਹੁਲ ਦਾ ਪਰਵਾਰ ਅਤੇ ਵਕੀਲ ਇਸ ਗੱਲ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੂੰ ਐਂਟੀਗੁਆ ਭੇਜਿਆ ਜਾਵੇ। ਚੋਕਸੀ ਨੇ ਅਪਣੇ ਨਾਲ ਕੁੱਟਮਾਰ ਦਾ ਵੀ ਦੋਸ਼ ਲਾਇਆ ਹੈ। ਚੋਕਸੀ ਦੇ ਵਕੀਲ ਮਾਮਲੇ ਵਿਚ ਰਾਹਤ ਲਈ ਅਦਾਲਤ ਵਿਚ ਅਪੀਲ ਦਾਖ਼ਲ ਕਰ ਚੁੱਕੇ ਹਨ।