ਨਵੀਂ ਦਿੱਲੀ : ਈਡੀ ਨੇ ਕਥਿਤ ਖਾਦ ਘੁਟਾਲੇ ਨਾਲ ਜੁੜੇ ਕਾਲਾ ਧਨ ਮਾਮਲੇ ਅਤੇ 685 ਕਰੋੜ ਰੁਪਏ ਦੀ ਰਿਸ਼ਵਤ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਰਾਸ਼ਟਰੀ ਜਨਤਾ ਦਲ ਦੇ ਆਗੂ ਅਤੇ ਰਾਜ ਸਭਾ ਮੈਂਬਰ ਅਮਰਿੰਦਰ ਧਾਰੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ 61 ਸਾਲਾ ਸੰਸਦ ਮੈਂਬਰ ਅਤੇ ਕਾਰੋਬਾਰੀ ਧਾਰੀ ਨੂੰ ਕਾਲਾ ਧਨ ਰੋਕੂ ਕਾਨੂੰਨ ਤਹਿਤ ਸਥਾਨਕ ਡਿਫ਼ੈਂਸ ਕਾਲੋਨੀ ਵਿਚ ਪੈਂਦੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸੀਬੀਆਈ ਨੇ 2007-14 ਵਿਚਾਲੇ ਇਫ਼ਕੋ ਦੇ ਪ੍ਰਬੰਧ ਨਿਰਦੇਸ਼ਕ ਯੂ ਐਸ ਅਵਸਥੀ ਅਤੇ ਇੰਡੀਅਨ ਪੋਟਾਸ਼ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਪਰਵਿੰਦਰ ਸਿੰਘ ਗਹਿਲੋਤ ਦੇ ਪ੍ਰਵਾਸੀ ਭਾਰਤੀ ਬੇਟਿਆਂ ਅਤੇ ਹੋਰਾਂ ਦੁਆਰਾ ਵਿਦੇਸ਼ੀ ਸਪਲਾਈਕਾਰਾਂ ਤੋਂ ਕਥਿਤ ਤੌਰ ’ਤੇ 685 ਕਰੋੜ ਰੁਪਏ ਦਾ ਨਾਜਾਇਜ਼ ਕਮਿਸ਼ਨ ਹਾਸਲ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਲੋਕਾਂ ਉਤੇ ਅਗਸਤਾਲੈਂਡ ਮਾਮਲੇ ਵਿਚ ਮੁਲਜ਼ਮ ਰਾਜੀਵ ਸਕਸੈਨਾ ਦੀ ਮਦਦ ਨਾਲ ਹੋਏ ਲੈਣ-ਦੇਣ ਜ਼ਰੀਏ ਇਹ ਕਮਿਸ਼ਨ ਲੈਣ ਦਾ ਦੋਸ਼ ਹੈ। ਕਿਹਾ ਜਾਂਦਾ ਹੈ ਕਿ ਧਾਰੀ ਸਿੰਘ ਇਸ ਮਾਮਲੇ ਵਿਚ ਸ਼ਾਮਲ ਫ਼ਰਮ ‘ਜੋਤੀ ਟਰੇਡਿੰਗ ਕਾਰਪੋਰੇਸ਼ਨ’ ਦੇ ਸੀਨੀਅਰ ਮੀਤ ਪ੍ਰਧਾਨ ਸਨ। ਕਾਲੇ ਧਨ ਦੇ ਮਾਮਲੇ ਵਿਚ ਉਸ ਦੀ ਭੂਮਿਕਾ ਈਡੀ ਦੀ ਜਾਂਚ ਦੇ ਦਾਇਰੇ ਵਿਚ ਹੈ। ਅਧਿਕਾਰੀਆਂ ਨੇ ਸੀਬੀਆਈ ਦੇ ਪਰਚੇ ਦਾ ਅਧਿਐਨ ਕੀਤਾ ਜਿਸ ਦੇ ਬਾਅਦ ਈਡੀ ਨੇ ਮਾਮਲਾ ਦਰਜ ਕਰ ਲਿਆ। ਸੀਬੀਆਈ ਨੇ ਇਸ ਮਾਮਲੇ ਵਿਚ ਪਿਛਲੇ ਮਹੀਨੇ ਕਈ ਥਾਈਂ ਛਾਪੇ ਮਾਰੇ ਸਨ। ਅਗਸਤਾਲੈਂਡ ਹੈਲੀਕਾਪਟਰ ਮਾਮਲੇ ਵਿਚ ਰਿਸ਼ਵਤ ਭੇਜਣ ਲਈ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੇ ਤੌਰ ਤਰੀਕੇ ਦੀ ਵਰਤੋਂ ਕੀਤੀ ਗਈ ਸੀ ਜਿਸ ਵਿਚ ਸਕਸੈਨਾ ਵਿਰੁਧ ਜਾਂਚ ਚੱਲ ਰਹੀ ਸੀ।