ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ ਮਹਾਂਮਾਰੀ ਕਾਰਨ ਆਤਮਨਿਰਭਰ ਭਾਰਤ ਮੁਹਿੰਮ ਦੀ ਗਤੀ ਥੋੜੀ ਮੱਠੀ ਜ਼ਰੂਰ ਹੋਈ ਹੈ ਪਰ ਇਸ ਮੁਹਿੰਮ ਜ਼ਰੀਏ ਦੇਸ਼ ਨੂੰ ਮਜ਼ਬੂਤ ਬਣਾਉਣਾ ਅੱਜ ਵੀ ਉਨ੍ਹਾਂ ਦੀ ਸਰਕਾਰ ਦਾ ਸੰਕਲਪ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਪਰਸ਼ਿਦ ਸੁਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨ ਬਾਅਦ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਫ਼ਟਵੇਅਰ ਤੋਂ ਲੈ ਕੇ ਸੈਟੇਲਾਈਟ ਤਕ ਅੱਜ ਭਾਰਤ ਦੂਜੇ ਦੇਸ਼ਾਂ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ ਅਤੇ ਦੁਨੀਆਂ ਦੇ ਵਿਕਾਸ ਵਿਚ ਪ੍ਰਮੁੱਖ ਇੰਜਣ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਬੈਠਕ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਣਜ ਮੰਤਰੀ ਪੀਯੂਸ਼ ਗੋਇਲ, ਸਿਹਤ ਮੰਤਰੀ ਹਰਸ਼ਵਰਧਨ ਅਤੇ ਹੋਰ ਵਿਗਿਆਨੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਪੂਰੀ ਦੁਨੀਆਂ ਦੇ ਸਾਹਮਣੇ ਇਸ ਸਦੀ ਦੀ ਸਭ ਤੋਂ ਵੱਡੀ ਚੁਨੌਤੀ ਬਣ ਕੇ ਆਈ ਹੈ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਮਾਨਵਤਾ ’ਤੇ ਕੋਈ ਵੱਡਾ ਸੰਕਟ ਆਇਆ ਹੈ, ਵਿਗਿਆਨ ਨੇ ਹੋਰ ਬਿਹਤਰ ਭਵਿੱਖ ਦੇ ਰਸਤੇ ਤਿਆਰ ਕਰ ਦਿਤੇ ਹਨ। ਸਾਲ ਭਰ ਅੰਦਰ ਕੋਰੋਨਾ ਰੋਕੂ ਟੀਕਾ ਬਣਾਉਣ ਲਈ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੇਮਿਸਾਲ ਹੈ ਅਤੇ ਏਨੀ ਵੱਡੀ ਆਫ਼ਤ ਵਿਚੋਂ ਉਭਰਨ ਲਈ ਇਕ ਸਾਲ ਵਿਚ ਟੀਕਾ ਬਣਾ ਦੇਣ ਦਾ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਦੂਜੇ ਦੇਸ਼ਾਂ ਵਿਚ ਖੋਜ ਹੋਇਆ ਕਰਦੀ ਸੀ ਤਾਂ ਭਾਰਤ ਨੂੰ ਕਈ ਕਈ ਸਾਲਾਂ ਤਕ ਉਸ ਦੇ ਲਾਭ ਦੀ ਉਡੀਕ ਕਰਨੀ ਪੈਂਦੀ ਸੀ ਪਰ ਅੱਜ ਭਾਰਤ ਦੇ ਵਿਗਿਆਨੀ ਦੂਜੇ ਦੇਸ਼ਾਂ ਦੇ ਵਿਗਿਆਨੀਆਂ ਨਾਲ ਮਿਲ ਕੇ ਮਨੁੱਖੀ ਜਾਤੀ ਦੀ ਸੇਵਾ ਵਿਚ ਲੱਗੇ ਹੋਏ ਹਨ ਅਤੇ ਓਨੀ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਨ।