ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 5ਜੀ ਤਕਨੀਕ ਵਿਰੁਧ ਦਾਖ਼ਲ ਫ਼ਿਲਮ ਅਦਾਕਾਰਾ ਜੂਹੀ ਚਾਵਲਾ ਦੀ ਅਰਜ਼ੀ ਰੱਦ ਕਰ ਦਿਤੀ ਹੈ। ਅਦਾਲਤ ਨੇ ਜੂਹੀ ਉਤੇ 20 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਅਤੇ ਕਿਹਾ ਕਿ ਇਹ ਪਟੀਸ਼ਨ ਕਾਨੂੰਨੀ ਪ੍ਰਕ੍ਰਿਆ ਦੀ ਦੁਰਵਰਤੋਂ ਹੈ। ਅਜਿਹਾ ਲਗਦਾ ਹੈ ਕਿ ਇਹ ਪਟੀਸ਼ਨ ਪਬਲਿਸਿਟੀ ਵਾਸਤੇ ਦਾਖ਼ਲ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜੂਹੀ ਚਾਵਲਾ ਨੇ ਪਿਛਲੀ ਸੁਣਵਾਈ ਦਾ Çਲੰਕ ਸੋਸ਼ਲ ਮੀਡੀਆ ਵਿਚ ਫੈਲਾਇਆ ਸੀ। ਇਸ ਕਾਰਨ ਸੁਣਵਾਈ ਵਿਚ ਤਿੰਨ ਵਾਰ ਦਖ਼ਲ ਪਿਆ। ਦਿੱਲੀ ਪੁਲਿਸ ਉਨ੍ਹਾਂ ਲੋਕਾਂ ਦੀ ਪਛਾਣ ਕਰੇ ਅਤੇ ਕਾਰਵਾਈ ਕਰੇ। ਦਿੱਲੀ ਹਾਈ ਕੋਰਟ ਨੇ ਪਟੀਸ਼ਨ ’ਤੇ 2 ਜੂਨ ਨੂੰ ਸੁਣਵਾਈ ਕੀਤੀ ਸੀ। ਜੂਹੀ ਵਲੋਂ ਵਕੀਲ ਦੀਪਕ ਖੋਸਲਾ ਨੇ ਪੱਖ ਰਖਿਆ ਸੀ। ਜਸਟਿਸ ਜੇ ਆਰ ਮੀੜਾ ਦੇ ਬੈਂਚ ਨੇ ਕਿਹਾ ਸੀ, ‘ਅਸੀਂ ਹੈਰਾਨ ਹਾਂ। ਅਜਿਹੀ ਪਟੀਸ਼ਨ ਪਹਿਲਾਂ ਕਦੇ ਨਹੀਂ ਵੇਖੀ ਜਿਸ ਵਿਚ ਕੋਈ ਆਦਮੀ ਬਿਨਾਂ ਕਿਸੇ ਜਾਣਕਾਰੀ ਅਦਾਲਤ ਵਿਚ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਜਾਂਚ ਕਰੋ। ਕੀ ਖ਼ਾਮੀਆਂ ਨਾਲ ਭਰੀ ਪਟੀਸ਼ਨ ਨੂੰ ਮਨਜ਼ੂਰੀ ਦਿਤੀ ਜਾ ਸਕਦੀ ਹੈ। ਜੂਹੀ ਨੇ 5ਜੀ ਤਕਨੀਕ ਲਾਗੂ ਕੀਤੇ ਜਾਣ ਤੋਂ ਪਹਿਲਾਂ ਇਨਸਾਨਾਂ ਅਤੇ ਪਸ਼ੂ-ਪੰਛਮੀਆਂ ’ਤੇ ਇਸ ਦੇ ਅਸਰ ਦੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਜੂਹੀ ਨੇ ਮੰਗ ਕੀਤੀ ਸੀ ਕਿ ਇਸ ਤਕਨੀਕ ਦੇ ਲਾਗੂ ਕਰਨ ਤੋਂ ਪਹਿਲਾਂ ਸਾਰੇ ਅਧਿਐਨ ਪੜ੍ਹੇ ਜਾਣ ਖ਼ਾਸਕਰ ਇਸ ਦੀਆਂ ਕਿਰਨਾਂ ਦਾ ਅਸਰ। ਨਾਲ ਹੀ ਦਸਿਆ ਜਾਵੇ ਕਿ ਇਸ ਤਕਨੀਕ ਨਾਲ ਦੇਸ਼ ਦੀ ਮੌਜੂਦੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਤਾਂ ਨਹੀਂ ਹੈ। ਜੂਹੀ ਚਾਵਲਾ ਅਕਸਰ ਹੀ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀਆਂ ਹਾਨੀਕਾਰਕਾਂ ਕਿਰਨਾਂ ਦਾ ਵਿਰੋਧ ਕਰਦੀ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕਰਦੀ ਰਹੀ ਹੈ।