ਬਰਨਾਲਾ : ਅੱਜ ਇਕ ਹੋਰ ਕਿਸਾਨ ਕਾਲੇ ਖੇਤੀ ਕਾਨੂੰਨਾਂ ਦੀ ਬਲੀ ਚੜ੍ਹ ਗਿਆ ਹੈ। ਮ੍ਰਿਤਕ ਕਿਸਾਨ ਸੰਤ ਸਿੰਘ ਕੋਲ ਕਰਜ਼ੇ ਕਾਰਨ ਕੋਈ ਵੀ ਜ਼ਮੀਨ ਜਾਇਦਾਦ ਬਾਕੀ ਨਹੀਂ ਬਚੀ ਪਰ ਕਿਸਾਨੀ ਅੰਦੋਲਨ ਵਿਚ ਆਪਣੀ ਜ਼ਮੀਰ ਖਾਤਰ ਪਿਛਲੇ ਪੰਜ ਮਹੀਨਿਆਂ ਤੋਂ ਅੰਦੋਲਨ ਵਿੱਚ ਸੰਘਰਸ਼ ਕਰ ਰਿਹਾ ਸੀl ਸੰਤ ਸਿੰਘ ਕਿਹਾ ਕਰਦੇ ਸਨ ਕਿ ਉਹ ਕਿਸਾਨੀ ਅੰਦੋਲਨ ਜਿੱਤ ਕੇ ਅਤੇ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਵਾਪਸ ਆਉਣਗੇ। ਦਰਅਸਲ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਕੀਤਾ ਜਾ ਰਿਹਾ ਹੈ lਜਿਸਦੇ ਚਲਦਿਆਂ ਕਿਸਾਨੀ ਅੰਦੋਲਨ ਵਿਚ ਚਾਰ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ lਇਸੇ ਤਰ੍ਹਾਂ ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਸਹਿਜੜਾ ਦਾ 42 ਸਾਲਾ ਕਿਸਾਨ ਸੰਤ ਸਿੰਘ ਪੁੱਤਰ ਅਜੈਬ ਸਿੰਘ ਪਿਛਲੇ ਪੰਜ ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਤੇ ਕਿਸਾਨੀ ਸੰਘਰਸ਼ ਦੌਰਾਨ ਕੱਲ੍ਹ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸ਼ਹੀਦ ਹੋ ਗਿਆ l ਮ੍ਰਿਤਕ ਕਿਸਾਨ ਸੰਤ ਸਿੰਘ ਦੇ ਦੋਸਤ ਮਨਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਸੰਤ ਸਿੰਘ ਬਹੁਤ ਹੀ ਗ਼ਰੀਬ ਕਿਸਾਨ ਸੀ, ਜਿਸਦੇ ਬਚਪਨ ਵਿੱਚ ਹੀ ਮਾਤਾ ਪਿਤਾ ਗੁਜ਼ਰ ਗਏ ਅਤੇ ਭਰਾ ਦੀ ਵੀ ਮੌਤ ਹੋ ਗਈ ਸੀ, ਸੰਤ ਸਿੰਘ ਦੋ ਏਕੜ ਵਿੱਚ ਖੇਤੀ ਕਰਦਾ ਸੀ ਪਰ ਕਰਜ਼ੇ ਦੇ ਭਾਰ ਹੇਠ ਉਸਦੀ ਜ਼ਮੀਨ ਵੀ ਵਿਕ ਚੁੱਕੀ ਹੈl ਮ੍ਰਿਤਕ ਕਿਸਾਨ ਸੰਤ ਸਿੰਘ ਦਾ ਘਰ ਵੀ ਬੈਂਕ ਕੋਲ ਗਿਰਵੀ ਹੈ l ਮ੍ਰਿਤਕ ਕਿਸਾਨ ਸੰਤ ਸਿੰਘ ਉੱਪਰ ਪ੍ਰਾਈਵੇਟ ਬੈਂਕਾਂ ਸਮੇਤ ਅੱਠ ਲੱਖ ਤੋਂ ਉੱਪਰ ਕਰਜ਼ਾ ਦੱਸਿਆ ਜਾ ਰਿਹਾ ਹੈl ਪਿੱਛੇ ਜੇਕਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਮ੍ਰਿਤਕ ਕਿਸਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ 9 ਸਾਲ ਦਾ ਬੱਚਾ ਛੱਡ ਗਿਆ l