ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਦੇ ਮਾਮਲੇ ਘੱਟ ਹੋਣ ਸਬੰਧੀ ਖ਼ਬਰਾਂ ਤੋਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਹੱਦਾਂ ’ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ ਹੈ। ਕਿਹਾ ਜਾ ਰਿਹਾ ਸੀ ਕਿ ਲਾਗ ਦੇ ਮਾਮਲਿਆਂ ਕਾਰਨ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕਿਸਾਨਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ ਹਾਲਾਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਕੋਰੋਨਾ ਲਾਗ ਦਾ ਅਸਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਲਗਭਗ ਨਾਂਹ ਦੇ ਬਰਾਬਰ ਹੈ। ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਘੱਟ ਨਹੀਂ ਸੀ ਬਲਕਿ ਅਸੀਂ ਖ਼ੁਦ ਪ੍ਰਸ਼ਾਸਨ ਦੀ ਬੇਨਤੀ ’ਤੇ ਲੋਕਾਂ ਦੀ ਤਾਦਾਤ ਨੂੰ ਅੰਦੋਲਨ ਸਥਾਨ ’ਤੇ ਘੱਟ ਰਖਿਆ ਸੀ। ਸੰਧੂ ਨੇ ਕਿਹਾ, ‘ਦਿੱਲੀ ਦੀਆਂ ਹੱਦਾਂ ’ਤੇ ਹਾਲੇ ਕਰੀਬ 60-70 ਹਜ਼ਾਰ ਲੋਕ ਬੈਠੇ ਹੋਏ ਹਨ। ਇਕ ਦੋ ਦਿਨ ਵਿਚ ਇਨ੍ਹਾਂ ਦੀ ਗਿਣਤੀ ਇਕ ਲੱਖ ਹੋ ਜਾਵੇਗੀ, ਪਰ ਇਸ ਤੋਂ ਜ਼ਿਆਦਾ ਲੋਕ ਨਹੀਂ ਆਉਣ ਦਿਆਂਗੇ।’ ਉਨ੍ਹਾਂ ਕਿਹਾ, ‘ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ, ਇਸ ਲਈ ਲੋਕਾਂ ਨੂੰ ਨਾ ਬੁਲਾਓ। ਮਹਾਂਮਾਰੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ ਤਿੰਨਾਂ ਅੰਦੋਲਨ ਥਾਵਾਂ ਤੋਂ ਲਾਗ ਦੇ ਮਾਮਲੇ ਨਾ ਆਉਣ ਦੇ ਸਵਾਲ ’ਤੇ ਸੰਧੂ ਨੇ ਕਿਹਾ, ‘ਕੋਰੋਨਾ ਵਾਇਰਸ ਦਾ ਕੋਈ ਮਾਮਲਾ ਹੋਵੇਗਾ ਤਾਂ ਅਸੀਂ ਕਿਉਂ ਨਹੀਂ ਦੱਸਾਂਗੇ? ਅਸੀਂ ਜੀਵਨ ਦੇਣ ਲਈ ਲੜ ਰਹੇ ਹਾਂ। ਜੀਵਨ ਖੋਹਣ ਲਈ ਨਹੀਂ ਲੜ ਰਹੇ।’ ਉਨ੍ਹਾਂ ਦਾਅਵਾ ਕੀਤਾ, ‘ਸਿੰਘੂ ਬਾਰਡਰ ’ਤੇ ਦੋ ਮੌਤਾਂ ਕੋਰੋਨਾ ਵਾਇਰਸ ਨਾਲ ਦਸੀਆਂ ਗਈਆਂ ਸਨ ਪਰ ਉਹ ਕੋਰੋਨਾ ਨਾਲ ਨਹੀਂ ਹੋਈਆਂ ਸਨ। ਇਕ ਵਿਅਕਤੀ ਦੀ ਮੌਤ ਸ਼ੂਗਰ ਵਧਣ ਨਾਲ ਦੂਜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ।’ ਗਾਜ਼ੀਪੁਰ ਵਿਖੇ ਮੈਡੀਕਲ ਕੈਂਪ ਵਿਚ ਕੰਮ ਕਰ ਰਹੇ ਅਨਿਲ ਭਾਰਤੀ ਨੇ ਕਿਹਾ, ‘ਗਾਜ਼ੀਪੁਰ ਵਿਚ ਕੋਵਿਡ ਦੇ ਮਾਮਲੇ ਨਹੀਂ ਆਏ ਹਨ। ਕੁਝ ਲੋਕਾਂ ਅੰਦਰ ਲੱਛਣ ਜ਼ਰੂਰ ਦਿਸੇ ਹਨ ਅਤੇ ਉਹ ਦਵਾਈ ਲੈਣ ਮਗਰੋਂ ਦੋ ਤਿੰਨ ਦਿਨਾਂ ਅੰਦਰ ਠੀਕ ਹੋ ਗਏ।’ ਟਿਕਰੀ ਬਾਰਡਰ ’ਤੇ ਮੈਡੀਕਲ ਕੈਂਪ ਵਿਚ ਫ਼ਾਰਮਾਸਿਸਟ ਫ਼ਰਿਆਦ ਖ਼ਾਨ ਨੇ ਵੀ ਕਿਹਾ ਕਿ ਖੰਘ, ਜ਼ੁਕਾਮ ਅਤੇ ਬੁਖ਼ਾਰ ਦੇ ਮਰੀਜ਼ ਆਏ ਜ਼ਰੂਰ ਪਰ ਉਹ ਤਿੰਨ ਦਿਨਾਂ ਵਿਚ ਠੀਕ ਹੋ ਗਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਧਰਨੇ ਵਾਲੀਆਂ ਥਾਵਾਂ ’ਤੇ ਕੋਰੋਨਾ ਦੇ ਮਾਮਲੇ ਓਨੇ ਨਹੀਂ ਆਏ ਜਿੰਨੇ ਦੱਸੇ ਗਏ।