ਚੰਡੀਗੜ੍ਹ : ਏਐਸਆਈ ਦੀ ਸ਼ਿਕਾਇਤ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਕਲ ਰਾਕੇਸ਼ ਟਿਕੈਤ ਸਣੇ ਕਿਸਾਨ ਸਦਰ ਥਾਣੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਸੀ ਕਿ ਅੱਜ ਹਰਿਆਣਾ ਦੇ ਸਾਰੇ ਥਾਣਿਆਂ ਵਿਚ 4 ਘੰਟੇ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਚਾਰ ਜ਼ਿਲ੍ਹਿਆਂ ਫਤਿਆਬਾਦ, ਹਿਸਾਰ, ਸਿਰਸਾ ਅਤੇ ਜੀਂਦ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦਾ ਸੱਦਾ ਦਿੱਤਾ ਸੀ। ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਹੀ ਸਦਰ ਥਾਣਾ ਟੋਹਾਣਾ ਵਿਚ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਉਹ ਟੋਹਾਣਾ ਤੋਂ ਸਾਰਾ ਮਾਮਲਾ ਨਿਪਟਾਉਣ ਤੋਂ ਬਾਅਦ ਹੀ ਜਾਣਗੇ, ਚਾਹੇ ਉਸਨੂੰ ਇੱਥੇ ਕਿੰਨੇ ਦਿਨ ਵੀ ਬੈਠਣਾ ਪਏ। ਗੁਰਨਾਮ ਚਢੂਨੀ, ਯੋਗੇਂਦਰ ਯਾਦਵ, ਜੋਗਿੰਦਰ ਨੈਨ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਆਗੂ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੋ ਕਿਸਾਨ ਨੇਤਾਵਾਂ ਨੂੰ ਰਿਹਾਅ ਨਾ ਕਰਨ ਕਰਕੇ ਰਾਕੇਸ਼ ਟਿਕੈਤ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ, ਯੋਗੇਂਦਰ ਯਾਦਵ, ਯੁਧਵੀਰ ਸਿੰਘ, ਜੋਗਿੰਦਰ ਨੈਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਵੀ ਟੋਹਾਣਾ ਗ੍ਰਿਫਤਾਰੀ ਦੇਣ ਪਹੁੰਚੇ ਸੀ। ਟੋਹਾਣਾ ਦੀ ਅਨਾਜ ਮੰਡੀ ਵਿੱਚ ਦੋ ਹਜ਼ਾਰ ਤੋਂ ਵੱਧ ਕਿਸਾਨ ਵੀ ਇਕੱਠੇ ਹੋਏ। ਇਸ ਤੋਂ ਬਾਅਦ ਕਿਸਾਨ ਸਦਰ ਥਾਣੇ ਗਏ ਅਤੇ ਪ੍ਰਦਰਸ਼ਨ ਕੀਤਾ।