ਨਵੀਂ ਦਿੱਲੀ : ਦਖਣੀ ਅਫ਼ਰੀਕਾ ਵਿਚ ਮਹਾਤਮਾ ਗਾਂਧੀ ਦੀ ਪੜਪੋਤੀ 56 ਸਾਲਾ ਆਸ਼ੀਸ਼ ਲਤਾ ਰਾਮੋਗੋਬਿਨ ਨੂੰ ਦਖਣੀ ਅਫ਼ਰੀਕਾ ਵਿਚ 3 ਸਾਲ ਦੀ ਜੇਲ ਹੋਈ ਹੈ। ਡਰਬਨ ਦੀ ਅਦਾਲਤ ਨੇ 60 ਲੱਖ ਰੈਂਡ ਯਾਨੀ 3.22 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਸੋਮਵਾਰ ਨੂੰ ਉਸ ਨੂੰ ਸਜ਼ਾ ਸੁਣਾਈ। ਇਸ ਕੇਸ ਵਿਚ ਉਹ 2015 ਤੋਂ ਜ਼ਮਾਨਤ ’ਤੇ ਸੀ। ਲਤਾ ਰਾਮਗੋਬਿਨ ਗਾਂਧੀ ਜੀ ਦੀ ਪੜਪੋਤੀ ਅਤੇ ਮਸ਼ਹੂਰ ਮਨੁੱਖ ਅਧਿਕਾਰ ਕਾਰਕੁਲ ਇਲਾ ਗਾਂਧੀ ਅਤੇ ਮੇਵਾ ਰਾਮਗੋਬਿਨ ਦੀ ਬੇਟੀ ਹੈ। ਮੇਵਾ ਦਾ ਦੇਹਾਂਤ ਹੋ ਚੁੱਕਾ ਹੈ। ਇਲਾ ਗਾਂਧੀ ਨੂੰ ਭਾਰਤ ਅਤੇ ਦਖਦੀ ਅਫ਼ਰੀਕਾ ਦੋਹਾਂ ਦੇਸ਼ਾਂ ਵਿਚ ਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਦਖਣੀ ਅਫ਼ਰੀਕਾ ਦੇ ਵੱਡੇ ਉਦਯੋਗਪਤੀ ਐਸਆਰ ਮਹਾਰਾਜ ਨੇ ਆਸ਼ੀਸ਼ ਉਤੇ ਜਾਅਲਸਾਜ਼ੀ ਦਾ ਕੇਸ ਕੀਤਾ ਸੀ। ਮਹਾਰਾਜ ਦੀ ਨਿਊ ਅਫ਼ਰੀਕਾ ਅਲਾਇੰਸ ਫ਼ੁਟਵੇਅਰ ਡਿਸਟਰੀਬਿਊਟਰਜ਼ ਨਾਮ ਦੀ ਕੰਪਨੀ ਹੈ ਜੋ ਜੁੱਤੀਆਂ, ਚੱਪਲਾਂ, ਕਪੜੇ ਅਤੇ ਲਿਨੇਨ ਦੇ ਆਯਾਤ, ਵਿਕਰੀ ਅਤੇ ਮੇਕਿੰਗ ਦਾ ਕੰਮ ਕਰਦੀ ਹੈ। ਉਨ੍ਹਾਂ ਦੀ ਕੰਪਨੀ ਪਰੌਫ਼ਿਟ ਮਾਰਜਿਨ ਤਹਿਤ ਦੂਜੀਆਂ ਕੰਪਨੀਆਂ ਦੀ ਆਰਥਕ ਮਦਦ ਵੀ ਕਰਦੀ ਹੈ। ਲਤਾ ਨੇ ਮਹਾਰਾਜ ਨਾਲ 2015 ਵਿਚ ਮੁਲਾਕਾਤ ਕੀਤੀ ਸੀ। ਲਤਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਭਾਰਤ ਤੋਂ ਲਿਨੇਨ ਦੇ 3 ਕੰਟੇਨਅਰ ਮੰਗਾਏ ਹਨ। ਇਹ ਕੰਟੇਨਰ ਸਾਊਥ ਅਫ਼ਰੀਕਨ ਹਸਪਤਾਲ ਗਰੁਪ ਨੈਟ ਕੇਅਰ ਨੂੰ ਡਿਲੀਵਰ ਕਰਨੇ ਹਨ। ਲਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਊਥ ਅਫ਼ਰੀਕਾ ਤਕ ਕੰਟੇਨਰ ਲਿਆਉਣ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਐਸ ਆਰ ਮਹਾਰਾਜ ਨੂੰ ਕੰਪਨੀ ਨਾਲ ਜੁੜੇ ਦਸਤਾਵੇਜ਼ ਵੀ ਵਿਖਾਏ। ਕੰਪਨੀ ਨੇ ਲਤਾ ਨੂੰ ਡੀਲ ਕਰਦਿਆਂ ਪੈਸੇ ਦੇ ਦਿਤੀ। ਪਰ ਜਦੋਂ ਉਦੋਂ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਵਿਰੁਧ ਕੇਸ ਕਰ ਦਿਤਾ ਗਿਆ।