ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ ਵਿਚ ਬੱਚਿਆਂ ’ਤੇ ਕਹਿਰ ਦੇ ਖ਼ਦਸ਼ਿਆਂ ਨੂੰ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਖ਼ਾਰਜ ਕੀਤਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਭਾਰਤੀ ਜਾਂ ਗਲੋਬਲ ਅਧਿਐਨ ਵਿਚ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਹੈ ਕਿ ਬੱਚਿਆਂ ’ਤੇ ਜ਼ਿਆਦਾ ਅਸਰ ਹੋ ਰਿਹਾ ਹੈ। ਇਥੋਂ ਤਕ ਕਿ ਦੂਜੀ ਲਹਿਰ ਵਿਚ ਵੀ ਜਿਹੜੇ ਬੱਚੇ ਪੀੜਤ ਹੋਏ ਹਨ, ਉਨ੍ਹਾਂ ਵਿਚ ਮਾਮੂਲੀ ਲੱਛਣ ਹੀ ਸਨ। ਇਸ ਦੇ ਇਲਾਵਾ ਕੁਝ ਹੋਰ ਬੀਮਾਰੀਆਂ ਕਾਰਨ ਉਨ੍ਹਾਂ ਦੀ ਗੰਭੀਰਤਾ ਵਧ ਗਈ ਸੀ। ਏਮਜ਼ ਦੇ ਨਿਰਦੇਸ਼ਕ ਨੇ ਰਾਹਤ ਦੀ ਉਮੀਦ ਬੰਨ੍ਹਾਉਂਦਿਆਂ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਭਵਿੱਖ ਵਿਚ ਵੀ ਬੱਚਿਆਂ ’ਤੇ ਕੋਰੋਨਾ ਦਾ ਕੋਈ ਗੰਭੀਰ ਅਸਰ ਹੋਵੇਗਾ। ਉਧਰ, ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਬੀਤੇ ਇਕ ਹਫ਼ਤੇ ਵਿਚ ਤੇਜ਼ੀ ਨਾਲ ਕਮਜ਼ੋਰ ਪਈ ਹੈ। ਮੰਤਰਾਲੇ ਦੇ ਜਾਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੁਲ ਰਿਕਵਰੀ ਦਰ ਤੇਜ਼ੀ ਨਾਲ ਵਧਦੇ ਹੋਏ 94.3 ਫ਼ੀਸਦੀ ਹੋ ਗਈ ਹੈ। ਇਸ ਦੇ ਇਲਾਵਾ ਇਕ ਤੋਂ 7 ਜੂਨ ਦੌਰਾਨ ਪਾਜ਼ੇਟਿਵਿਟੀ ਦਰ 6.3 ਫ਼ੀਸਦੀ ਰਿਹਾ ਹੈ। ਸਿਹਤ ਮੰਤਰਾਲੇ ਮੁਤਾਬਕ ਬੀਤੇ ਇਕ ਹਫ਼ਤੇ ਵਿਚ ਨਵੇਂ ਕੇਸਾਂਵਿਚ 33 ਫ਼ੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ। ਇਸ ਦੇ ਇਲਾਵਾ ਐਕਟਿਵ ਕੇਸਾਂ ਵਿਚ ਵੀ 65 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ਵਿਚ ਹੁਣ 15 ਰਾਜ ਅਜਿਹੇ ਹਨ ਜਿਥੇ ਪਾਜ਼ੇਟਿਵਿਟੀ ਦਰ 5 ਫ਼ੀਸਦੀ ਤੋਂ ਹੇਠਾਂ ਆ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕਈ ਮਾਹਰਾਂ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਸੰਭਾਵੀ ਤੀਜੀ ਲਹਿਰ ਦਾ ਸਭ ਤੋਂ ਵੱਧ ਅਸਰ ਬੱਚਿਆਂ ’ਤੇ ਹੋਵੇਗਾ।