ਮੁੰਬਈ : ਮੁੰਬਈ ਵਿਚ ਤੇਜ਼ ਮੀਂਹ ਪੈਣ ਕਾਰਨ ਮੁੰਬਈ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਮੁੰਬਈ ਵਿਚ ਬਹੁਤ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੁੰਬਈ ਵਿਚ ਮਾਨਸੂਨ 10 ਜੂਨ ਤੱਕ ਪਹੁੰਚਦਾ ਹੁੰਦਾ ਹੈ ਪਰ ਇਸ ਵਾਰ ਮਾਨਸੂਨ ਇਕ ਦਿਨ ਪਹਿਲਾਂ ਹੀ ਆਪਣਾ ਰੂਪ ਵਿਖਾਉਣ ਲੱਗ ਪਿਆ ਹੈ। ਮੀਂਹ ਦੀ ਤੇਜ਼ ਰਫ਼ਤਾਰ ਅਤੇ ਇਲਾਕਿਆਂ ਵਿਚ ਭਰੇ ਹੋਏ ਪਾਣੀ ਨੂੰ ਵੇਖਦੇ ਹੋਏ ਰੇਲ ਸੇਵਾਵਾਂ ਨੂੰ ਕੁਲਾਰ ਅਤੇ ਸੀ.ਐਮ.ਐਮ.ਟੀ. ਸਟੇਸ਼ਨ ਵਿਚ ਰੋਕ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਰੇਲ ਦੀਆਂ ਪਟੜੀਆਂ ’ਤੇ ਪਾਣੀ ਭਰ ਗਿਆ ਹੈ। ਮੁੰਬਈ ਵਿੱਚ ਭਾਰੀ ਮੀਂਹ ਕਾਰਨ ਸਮੁੰਦਰ ਵਿਚ ਸਵੇਰੇ ਦੇ ਸਮੇਂ ਉਚੀਆਂ ਲਹਿਰਾਂ ਉਠਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਇਕ ਪਾਸੇ ਤਾਂ ਮੁੰਬਈ ਨੂੰ ਕੋਰੋਨਾ ਨੇ ਬੁਰੀ ਤਰ੍ਹਾਂ ਬੇਹਾਲ ਕੀਤਾ ਹੋਇਆ ਹੈ ਅਤੇ ਦੂਜੇ ਪਾਸੇ ਮੀਂਹ ਦੀ ਆਫ਼ਤ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਇਹ ਵੀ ਦਸਿਆ ਹੈ ਕਿ ਅਗਲੇ ਕੁੱਝ ਦਿਨਾਂ ਵਿੱਚ ਮਾਨਸੂਨ ਆਪਣਾ ਰੁਖ ਛਤੀਸਗੜ੍ਹ, ਬਿਦਰ, ਬਿਹਾਰ, ਝਾਰਖੰਡ, ਗੁਜਰਾਤ, ਤੇਲੰਗਾਨਾ ਸਮੇਤ ਹੋਰਨਾਂ ਰਾਜਾਂ ਵੱਲ ਵੀ ਕਰ ਸਕਦਾ ਹੈ। ਮੌਸਮ ਵਿਭਾਗ ਨੇ ਦਸਿਆ ਹੈ ਕਿ 10 ਜੂਨ ਤੋਂ ਬਾਅਦ ਮਾਨਸੂਨ ਪੂਰਬੀ ਭਾਰਤ ਦੇ ਰਾਜਾਂ ਵੱਲ ਆਪਣਾ ਅਸਰ ਵਿਖਾ ਸਕਦਾ ਹੈ। ਬੰਗਾਲ ਦੀ ਖਾੜੀ ਵਿੱਚ ਮਾਨਸੂਨ ਦਾ ਪਹਿਲਾ ਘੱਟ ਦਬਾਅ ਵਾਲਾ ਖੇਤਰ ਤਿਆਰ ਹੋ ਰਿਹਾ ਹੈ ਅਤੇ ਦੱਖਣੀ ਗੁਜਰਾਤ ਦੇ ਤੱਟ ’ਤੇ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆ ਹੋਇਆ ਹੈ ਅਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।