ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਕੋਵਿਡ-19 ਟੀਕਿਆਂ ਦੀ 1.33 ਕਰੋੜ ਤੋਂ ਵੱਧ ਖ਼ੁਰਾਕ ਹੁਣ ਵੀ ਮੌਜੂਦ ਹੈ ਅਤੇ ਤਿੰਨ ਲੱਖ ਤੋਂ ਵੱਧ ਖ਼ੁਰਾਕਾਂ ਅਗਲੇ ਤਿੰਨ ਦਿਨ ਅੰਦਰ ਉਨ੍ਹਾਂ ਨੁੂੰ ਮਿਲ ਜਾਣਗੀਆਂ। ਉਸ ਨੇ ਦਸਿਆ ਕਿ ਹੁਣ ਤਕ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 25 ਕਰੋੜ ਤੋਂ ਵੱਧ ਖ਼ੁਰਾਕਾਂ ਦਿਤੀਆਂ ਗਈਆਂ ਹਨ। ਇਹ ਖ਼ੁਰਾਕਾਂ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਮੁਫ਼ਤ ਤਰੀਕੇ ਨਾਲ ਰਾਜਾਂ ਦੁਆਰਾ ਸਿੱਧੇ ਖ਼ਰੀਦ ਦੀ ਸ਼੍ਰੇਣੀ ਵਿਚ ਦਿਤੀ ਗਈ ਹੈ। ਮੰਤਰਾਲੇ ਨੇ ਅੰਕੜਿਆਂ ਦੇ ਹਵਾਲੇ ਨਾਲ ਦਸਿਆ ਕਿ ਕੁਲ 23,74,21,808 ਖ਼ੁਰਾਕਾਂ ਦੀ ਵਰਤੋਂ ਹੋਈ ਹੈ। ਉਸ ਨੇ ਦਸਿਆ, ‘ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਕੋਵਿਡ-19 ਟੀਕਿਆਂ ਦੀ ਕੁਲ 1,33,68,727 ਖ਼ੁਰਾਕ ਹੁਣ ਵੀ ਮੌਜੂਦ ਹੈ। ਇਸ ਦੇ ਇਲਾਵਾ ਅਗਲੇ ਤਿੰਨ ਦਿਨਾਂ ਵਿਚ ਹੋਰ 3,81,750 ਖ਼ੁਰਾਕਾਂ ਉਨ੍ਹਾਂ ਨੂੰ ਉਪਲਭਧ ਕਰਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ਵਿਆਪੀ ਟੀਕਾਕਰਨ ਮੁਹਿੰਮ ਤਹਿਤ ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫ਼ਤ ਟੀਕੇ ਦੇ ਰਹੀ ਹੈ। ਇਸ ਦੇ ਇਲਾਵਾ ਰਾਜ ਟੀਕਿਆਂ ਦੀ ਸਿੱਧੀ ਖ਼ਰੀਦ ਵੀ ਕਰ ਸਕਦੇ ਹਨ। ਕੋਵਿਡ ਟੀਕਾਕਰਨ ਦਾ ਤੀਜਾ ਪੜਾਅ ਦੇਸ਼ ਵਿਚ ਇਕ ਮਈ ਨੂੰ ਸ਼ੁਰੂ ਹੋਇਆ ਸੀ। ਮਹਾਂਮਾਰੀ ਨਾਲ ਸਿੱਝਣ ਦੀ ਸਰਕਾਰ ਦੀ ਵਿਆਪਕ ਰਣਨੀਤੀ ਦਾ ਇਕ ਅਹਿਮ ਸਤੰਭ ਟੀਕਾਕਰਨ ਹੈ।