ਮੁੰਬਈ: ਕੋਰੋਨਾ ਬੀਮਾਰੀ ਅਤੇ ਤਾਲਾਬੰਦੀ ਕਾਰਨ ਫ਼ਿਲਮ ਇੰਡਸਟਰੀ ਵਿਚ ਕੰਮਕਾਜ ਬੀਤੇ ਕਰੀਬ ਦੋ ਸਾਲਾਂ ਤੋਂ ਰੁਕ ਗਿਆ ਹੈ। ਅਦਾਕਾਰਾਂ ਤੋਂ ਲੈ ਕੇ ਜੂਨੀਅਰ ਕਲਾਕਾਰ ਅਤੇ ਸੈਟ ’ਤੇ ਕੰਮ ਕਰਨ ਵਾਲੇ ਦਿਹਾੜੀ ਮਜ਼ਦੂਰ ਆਰਥਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਹੁਣ ਬਾਲੀਵੁਡ ਅਦਾਕਾਰ ਕੰਗਣਾ ਰਣੌਤ ਨੇ ਵੀ ਦਾਅਵਾ ਕੀਤਾ ਹੈ ਕਿ ਕੰਮ ਨਾ ਮਿਲਣ ਕਾਰਨ ਉਸ ਕੋਲ ਪੈਸਿਆਂ ਦੀ ਕਮੀ ਹੋ ਗਈ ਹੈ। ਉਸ ਨੇ ਕਿਹਾ ਕਿ ਇਸ ਕਾਰਨ ਉਹ ਪਿਛਲੇ ਸਾਲ ਦਾ ਅੱਧਾ ਟੈਕਸ ਵੀ ਨਹੀਂ ਭਰ ਸਕੀ। ਕੰਗਣਾ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਉਸ ਦੀ ਗਿਣਤੀ ਦੇਸ਼ ਦੇ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਅਦਾਕਾਰਾਂ ਵਿਚ ਹੁੰਦੀ ਹੈ। ਉਸ ਨੇ ਕੇਂਦਰ ਸਰਕਾਰ ਦੀ ‘ਇਚ ਵਨ ਪੇ ਵਨ’ ਪਾਲਿਸੀ ਬਾਰੇ ਵੀਡੀਓ ਸਾਂਝਾ ਕਰਦਿਆਂ ਕਿਹਾ, ‘ਬੇਸ਼ੱਕ ਮੈਂ ਸਭ ਤੋਂ ਜ਼ਿਆਦਾ ਟੈਕਸ ਵਾਲੇ ਸਲੈਬ ਵਿਚ ਆਉਂਦੀ ਹਾਂ। ਮੈਂ ਅਪਣੀ ਕਮਾਹੀ ਦਾ ਲਗਭਗ 45 ਫ਼ੀ ਸਦੀ ਟੈਕਸ ਦੇ ਰੂਪ ਵਿਚ ਦਿੰਦੀ ਹਾਂ। ਪਰ ਕੰਮ ਨਾ ਮਿਲਣ ਕਾਰਨ ਮੈਂ ਹਾਲੇ ਤਕ ਅਪਣੇ ਪਿਛਲੇ ਸਾਲ ਦੇ ਟੈਕਸ ਦਾ ਅੱਧਾ ਬਕਾਇਆ ਭੁਗਤਾਨ ਨਹੀਂ ਕੀਤਾ ਹੈ। ਮੇਰੇ ਜੀਵਨ ਵਿਚ ਪਹਿਲੀ ਵਾਰ ਮੈਨੂੰ ਟੈਕਸ ਦੇਣ ਵਿਚ ਦੇਰ ਹੋ ਰਹੀ ਹੈ।’ ਉਸ ਨੇ ਲਿਖਿਆ ਕਿ ਸਰਕਾਰ ਉਸ ਦੇ ਬਕਾਇਆ ਟੈਕਸ ’ਤੇ ਵਿਆਜ ਜੋੜ ਰਹੀ ਹੈ ਹਾਲਾਂਕਿ ਉਹ ਇਸ ਦਾ ਸਵਾਗਤ ਕਰਦੀ ਹੈ। ਉਸ ਨੇ ਕਿਹਾ, ‘ਨਿੱਜੀ ਤੌਰ ’ਤੇ ਇਹ ਮੇਰੇ ਲਈ ਔਖਾ ਹੋ ਸਕਦਾ ਹੈ ਪਰ ਸਾਰਿਆਂ ਲਈ ਇਹ ਸਮਾਂ ਔਖਾ ਹੈ।’ ਜ਼ਿਕਰਯੋਗ ਹੈ ਕਿ ਕੰਗਣਾ ਰਣੌਤ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਵਿਰੋਧ ਕਰਨ ਕੇ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੀ ਬੋਲੀ ਬੋਲਦੀ ਹੈ।