PunjabiNews : ਹਰਿਦੁਆਰ: ਪਿਛਲੇ ਦਿਨੀ ਯੋਗ ਗੁਰੂ ਬਾਬਾ Ramdev ਐਲੋਪੈਥੀ ਵਿਰੁਧ ਬੋਲੇ ਸਨ ਜਿਸ ਮਗਰੋਂ ਦੇਸ਼ ਭਰ ਦੇ ਡਾਕਟਰਾਂ ਨੇ ਵਿਰੋਧ ਦਰਜ ਕੀਤਾ ਸੀ। ਰੌਲਾ ਪੈਣ ਮਗਰੋਂ ਬਾਬਾ ਰਾਮਦੇਵ ਨੇ ਆਪਣਾ ਬਿਆਨ ਵਾਪਸ ਲੈ ਕੇ ਵਿਵਾਦ ਖ਼ਤਮ ਕਰ ਲਿਆ ਸੀ ਅਤੇ ਹੁਣ ਬਾਬਾ ਰਾਮਦੇਵ ਕੋਰੋਨਾ ਮਾਰੂ ਟੀਕਾ ਲਵਾਉਣ ਲਈ ਰਾਜ਼ੀ ਹੋ ਗਿਆ ਹੈ ਅਤੇ ਕਿਹਾ ਹੈ ਕਿ ਐਲੋਪੈਥੀ ਦਵਾਈ ਠੀਕ ਹੁੰਦੀਆਂ ਹਨ। ਇਥੇ ਦਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਜੂਨ ਤੋਂ ਦੇਸ਼ ਭਰ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਮੁਫ਼ਤ ਵੈਕਸੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ। ਇਸ ਨੂੰ ਲੈ ਕੇ ਰਾਮਦੇਵ ਨੇ ਵੀ ਸਾਰਿਆਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਜਲਦ ਹੀ ਵੈਕਸੀਨ ਲਵਾਵਾਂਗਾ।
ਇਸ ਦੇ ਨਾਲ ਹੀ ਰਾਮਦੇਵ ਨੇ ਲੋਕਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦਵਾਈਆਂ ਦੇ ਨਾਲ ਨਾਲ ਯੋਗ ਤੇ ਆਯੁਰਵੇਦ ਦਾ ਅਭਿਆਸ ਕਰਨ। ਡਰੱਗ ਮਾਫੀਆ 'ਤੇ ਟਿੱਪਣੀ ਕਰਦਿਆਂ ਰਾਮਦੇਵ ਨੇ ਕਿਹਾ 'ਸਾਡੀ ਕਿਸੇ ਸੰਗਠਨ ਨਾਲ ਦੁਸ਼ਮਨੀ ਨਹੀਂ ਹੈ ਤੇ ਸਾਰੇ ਚੰਗੇ ਡਾਕਟਰ ਇਸ ਧਰਤੀ 'ਤੇ ਰੱਬ ਵੱਲੋਂ ਭੇਜੇ ਦੂਤ ਹਨ। ਉਹ ਇਸ ਗ੍ਰਹਿ ਲਈ ਉਪਹਾਰ ਹਨ। ਸਾਡੀ ਲੜਾਈ ਦੇਸ਼ ਦੇ ਡਾਕਟਰਾਂ ਨਾਲ ਨਹੀਂ ਹੈ ਜੋ ਡਾਕਟਰ ਸਾਡਾ ਵਿਰੋਧ ਕਰ ਰਹੇ ਹਨ, ਉਹ ਕਿਸੇ ਸੰਸਥਾ ਜ਼ਰੀਏ ਨਹੀਂ ਕਰ ਰਹੇ।' ਰਾਮਦੇਵ ਨੇ ਕਿਹਾ- 'ਅਸੀਂ ਚਾਹੁੰਦੇ ਹਾਂ ਦਵਾਈਆਂ ਦੇ ਨਾਂਅ 'ਤੇ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਲੋਕਾਂ ਨੂੰ ਗੈਰ ਜ਼ਰੂਰੀ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਐਮਰਜੈਂਸੀ ਮਾਮਲਿਆਂ ਤੇ ਸਰਜਰੀ ਲਈ ਬਿਹਤਰ ਹੈ।' ਉਨ੍ਹਾਂ ਕਿਹਾ 'ਪ੍ਰਧਾਨ ਮੰਤਰੀ ਜਨ ਔਸ਼ਧੀ ਸਟੋਰ ਖੋਲਣਾ ਪਿਆ ਕਿਉਂਕਿ ਡਰੱਗ ਮਾਫੀਆ ਨੇ ਫੈਂਸੀ ਦੁਕਾਨਾਂ ਖੋਲੀਆਂ ਹਨ। ਜਿੱਥੇ ਉਹ ਬੁਨਿਆਦੀ ਤੇ ਲੋੜੀਂਦੀਆਂ ਦਵਾਈਆਂ ਦੀ ਬਜਾਇ ਵੱਧ ਕੀਮਤਾਂ ਤੇ ਗੈਰ ਜ਼ਰੂਰੀ ਦਵਾਈਆਂ ਵੇਚ ਰਹੇ ਹਨ।'