ਬਗਦਾਦ : ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਬਗਦਾਦ ਵਿਖੇ ਕਈ ਡਰੋਨ ਹਮਲੇ ਕੀਤੇ ਗਏ ਹਨ ਜਿਨ੍ਹਾਂ ਵਿਚੋ ਇਕ ਡਰੋਨ ਨੂੰ ਹਮਲਾ ਕਰਨ ਤੋਂ ਪਹਿਲਾਂ ਹੀ ਗੋਲੀ ਮਾਰ ਕੇ ਸੁਟ ਲਿਆ ਗਿਆ ਹੈ ਅਤੇ ਇਨ੍ਹਾਂ ਹਮਲਿਆਂ ਵਿਚ ਹੁਣ ਤਕ ਕਿਸੇ ਦੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਜਾਣਕਾਰੀ ਮੁਤਾਬਕ ਡਰੋਨ ਨੇ ਵੀਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਦੇ ਕੌਮਾਂਤਰੀ ਹਵਾਈ ਅੱਡੇ ਤੇ ਹਮਲਾ ਕੀਤਾ। ਇਰਾਕੀ ਨਿਊਜ਼ ਏਜੰਸੀ ਨੇ ਇਰਾਕੀ ਸੁਰੱਖਿਆ ਏਜੰਸੀਆਂ ਦੇ ਇਕ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਤਿੰਨ ਡਰੋਨ ਹਮਲੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਇਕ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਅਲ ਸੁਮਰਿਆ ਟੀਵੀ ਚੈਨਲ ਨੇ ਸੁਰੱਖਿਆ ਏਜੰਸੀਆਂ ਦੇ ਇਕ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਵਿਕਟਰੀ ਮਿਲਟਰੀ ਬੇਸ ਤੇ ਰਾਕੇਟ ਦਾ ਹਮਲਾ ਹੋਇਆ ਸੀ। ਇਸ ਤੋਂ ਥੋੜ੍ਹੀ ਦੇਰ ਪਹਿਲਾਂ, ਇਰਾਕੀ ਸੂਬੇ ਸਲਾਹਾ ਅਦੀਨ ਦੇ ਬਾਲਦ ਹਵਾਈ ਅੱਡੇ ਤੇ ਰਾਕੇਟ ਦਾਗਿਆ ਗਿਆ ਸੀ। ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਸ ਹਮਲੇ ਮਗਰੋਂ ਬਗਦਾਦ ਦੀ ਫ਼ੌਜ ਸਤਰਕ ਹੋ ਗਈ ਹੈ ਅਤੇ ਫ਼ੌਜੀ ਅਧਿਕਾਰੀਆਂ ਨੇ ਦਸਿਆ ਕਿ ਅਜਿਹੇ ਹਮਲੇ ਪਹਿਲਾਂ ਵੀ ਹੋਏ ਸਨ ਜਿਸ ਵਿਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਹੁਣ ਫ਼ੌਜੀ ਅਧਿਕਾਰੀਆਂ ਨੇ ਸਾਰਿਆਂ ਨੂੰ ਅਲਰਟ ਜਾਰੀ ਕਰਦੇ ਹੋਏ ਤਿਆਰ ਰਹਿਣ ਦੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਹਨ।