ਨਵੀਂ ਦਿੱਲੀ : ਲਗਦਾ ਹੈ ਕਿ ਸ਼ਿਵ ਸੈਨਾ ਦਾ ਭਾਜਪਾ ਪ੍ਰਤੀ ਨਜ਼ਰੀਆ ਬਦਲਣ ਲੱਗਾ ਹੈ। ਇਹ ਸਭ ਬੀਤੇ ਦਿਨੀਂ ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਹੋਇਆ ਹੈ। ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਜਿਹੜੇ ਹੁਣ ਤਕ ਵੱਖ ਵੱਖ ਮਸਲਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਬਖੀਏ ਉਧੇੜਦੇ ਰਹੇ ਹਨ, ਅੱਜ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ। ਸੰਜੇ ਨੇ ਕਿਹਾ ਕਿ ਨਰਿੰਦਰ ਮੋਦੀ ਦੇਸ਼ ਅਤੇ ਭਾਜਪਾ ਦੇ ਸਭ ਤੋਂ ਵੱਡੇ ਆਗੂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਜਪਾ ਦੀ ਸਫ਼ਲਤਾ ਦਾ ਸਿਹਰਾ ਮੋਦੀ ਨੂੰ ਜਾਂਦਾ ਹੈ। ਦਰਅਸਲ ਸੰਜੇ ਨੂੰ ਪੁਛਿਆ ਗਿਆ ਸੀ ਕਿ ਮੀਡੀਆ ਵਿਚ ਖ਼ਬਰਾਂ ਆਈਆਂ ਹਨ ਕਿ ਆਰਐਸਐਸ ਰਾਜਾਂ ਵਿਚ ਚੋਣਾਂ ਦੌਰਾਨ ਰਾਜ ਦੇ ਆਗੂਆਂ ਨੂੰ ਚਿਹਰੇ ਦੇ ਰੂਪ ਵਿਚ ਪੇਸ਼ ਕਰਨ ਬਾਰੇ ਵਿਚਾਰ ਕਰ ਰਹੀ ਹੈ। ਅਜਿਹੇ ਵਿਚ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਮੋਦੀ ਦੀ ਲੋਕਪ੍ਰਿਯਤਾ ਵਧੀ ਹੈ। ਇਸ ਸਵਾਲ ’ਤੇ ਰਾਊਤ ਨੇ ਕਿਹਾ, ‘ਮੈਂ ਇਸ ਬਾਰੇ ਟਿਪਣੀ ਨਹੀਂ ਕਰਨਾ ਚਾਹੁੰਦਾ। ਪਿਛਲੇ ਸੱਤ ਸਾਲ ਵਿਚ ਭਾਜਪਾ ਦੀ ਸਫ਼ਲਤਾ ਦਾ ਸਿਹਰਾ ਮੋਦੀ ਨੂੰ ਜਾਂਦਾ ਹੈ, ਉਹ ਹਾਲੇ ਦੇਸ਼ ਅਤੇ ਅਪਣੀ ਪਾਰਟੀ ਦੇ ਸਿਖਰਲੇ ਆਗੂ ਹਨ।’ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਰਾਊਤ ਫ਼ਿਲਹਾਲ ਉਤਰ ਮਹਾਰਾਸ਼ਟਰ ਦੇ ਦੌਰੇ ’ਤੇ ਹਨ। ਉਨ੍ਹਾਂ ਜਲਗਾਂਵ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਹਮੇਸ਼ਾ ਤੋਂ ਮੰਨਦੀ ਆਈ ਹੈ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਹੁੰਦੇ ਹਨ, ਕਿਸੇ ਇਕ ਪਾਰਟੀ ਦੇ ਨਹੀਂ। ਇਸ ਲਈ ਪ੍ਰਧਾਨ ਮੰਤਰੀ ਨੂੰ ਚੋਣ ਮੁਹਿੰਮ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਨਾਲ ਸਰਕਾਰੀ ਮਸ਼ੀਨਰੀ ਉਤੇ ਦਬਾਅ ਪੈਂਦਾ ਹੈ।