ਨਵੀਂ ਦਿੱਲੀ : ਬੀਤੇ ਦਿਨੀ ਦਿੱਲੀ ਦੇ ਕਿਸਾਨ ਸੰਘਰਸ਼ ਵਿਚ ਇਕ ਰੇਪ ਹੋਣ ਦੀ ਖ਼ਬਰ ਆਈ ਸੀ ਅਤੇ ਹੁਣ ਉਸ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਜੋ ਲੜਕੀ ਨੂੰ ਬਲੈਕਮੇਲ ਕਰ ਕੇ ਲੰਮੇ ਸਮੇਂ ਤੋਂ ਬਲਾਤਕਾਰ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਦੇ ਦੌਰਾਨ ਪੱਛਮੀ ਬੰਗਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ ਨੇ ਮੁਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਭਿਵਾਨੀ ਦੇ ਭੀਮ ਸਟੇਡੀਅਮ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦਾ ਪੁਲਿਸ ਨੂੰ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ। ਇਲਜ਼ਾਮ ਹੈ ਕਿ ਮੁਲਜ਼ਮ ਅਨਿਲ ਮਲਿਕ ਨੇ ਆਪਣੇ ਫ਼ੋਨ ਨਾਲ ਬਲਾਤਕਾਰ ਦੀ ਵੀਡੀਓ ਬਣਾ ਕੇ ਪੀੜਤਾ ਨੂੰ ਬਲੈਕਮੇਲ ਕੀਤਾ ਸੀ। ਡੀਐੱਸਪੀ ਪਵਨ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਪੁਲਿਸ ਨੇ ਅਨਿਲ ਮਲਿਕ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਈਨਾਮੀਆ ਐਲਾਨਿਆ ਸੀ। ਮੁਲਜ਼ਮ ਦਾ ਮੋਬਾਈਲ ਵੀ ਪੁਲਿਸ ਨੇ ਬਰਾਮਦ ਕਰਨਾ ਹੈ। ਪੁਲਿਸ ਮੁਤਾਬਕ 'ਮੁਲਜ਼ਮ ਕਿਸਾਨ ਅੰਦੋਲਨ ਵਿੱਚ ਕਿਸਾਨ ਸੋਸ਼ਲ ਆਰਮੀ ਬਣਾ ਕੇ ਸਰਗਰਮ ਸਨ। 12 ਅਪ੍ਰੈਲ ਨੂੰ ਪੱਛਮੀ ਬੰਗਾਲ ਤੋਂ ਪੀੜਤਾ ਨੂੰ ਟਿਕਰੀ ਬਾਰਡਰ ਲੈ ਕੇ ਆਏ ਸਨ। 9 ਮਈ ਨੂੰ ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਦੋ ਔਰਤਾਂ ਸਮੇਤ ਛੇ ਜਣਿਆਂ ਦੇ ਨਾਂਅ ਸਨ। 30 ਅਪ੍ਰੈਲ ਨੂੰ ਪੀੜਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਦੋਸ਼ ਇਹ ਵੀ ਹੈ ਕਿ ਪੀੜਤਾ ਨਾਲ ਰੇਲ ਗੱਡੀ ਅਤੇ ਫਿਰ ਕਿਸਾਨ ਅੰਦੋਲਨ ਦੀ ਇੱਕ ਝੋਂਪੜੀ ਵਿੱਚ ਵੀ ਰੇਪ ਕੀਤਾ ਗਿਆ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਭਾਰਤੀ ਫੌਜ ਵਿੱਚ ਰਿਹਾ ਹੈ ਅਤੇ ਉਸਨੇ 2016 ਵਿੱਚ ਰਿਟਾਇਰਮੈਂਟ ਲਈ ਸੀ।