ਐਸ.ਏ.ਐਸ. ਨਗਰ : ਮਿਸ਼ਨ ਫ਼ਤਹਿ-02 ਤਹਿਤ ਕਰੋਨਾ ਨੂੰ ਮਾਤ ਦੇਣ ਲਈ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ ਉਤੇ ਹੈ ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਲਗਾਤਾਰ ਕੈਂਪ ਲਾ ਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਜਿਸ ਦਾ ਲੋਕਾਂ ਨੂੰ ਅੱਗੇ ਵੱਧ ਕੇ ਲਾਹਾ ਲੈਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਫ਼ੌਜ (ਵੈਸਟਰਨ ਕਮਾਂਡ) ਦੇ ਸਹਿਯੋਗ ਨਾਲ ਅਵਤਾਰ ਐਜੂਕੇਸ਼ਨ ਟਰੱਸਟ ਨਾਲ ਰਲ ਕੇ ਹੈਰੀਟੇਜ ਪਬਲਿਕ ਸਕੂਲ, ਜਗਤਪੁਰਾ ਵਿਖੇ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਰਹੀ ਵੈਕਸੀਨ ਲੋਕਾਂ ਤੱਕ ਪੁਜਦੀ ਕੀਤੀ ਜਾ ਰਹੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਅਣਥੱਕ ਕੋਸ਼ਿ਼ਸ਼ਾਂ ਨਾਲ ਆਪਣੇ ਪੱਧਰ ਉਤੇ ਵੀ ਵੈਕਸੀਨੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਸ ਲਈ ਲੋਕਾਂ ਨੂੰ ਅੱਗੇ ਵੱਧ ਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਇਸ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਅਫਵਾਹ ਉਤੇ ਯਕੀਨ ਕੀਤੇ ਬਿਨਾਂ ਇਹ ਵੈਕਸੀਨ ਲਗਵਾਈ ਜਾਵੇ।
ਸ. ਸਿੱਧੂ ਨੇ ਦੱਸਿਆ ਕਿ ਸੂਬੇ ਦੇ ਹਸਪਤਾਲਾਂ ਵਿੱਚ ਆਕਸੀਜ਼ਨ ਸਬੰਧੀ ਵੀ ਕੋਈ ਕਮੀ ਨਹੀਂ ਹੈ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜੇ ਕਿਤੇ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਉਹ ਫੌਰੀ ਦੂਰ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਸ ਮੌਕੇ ਜਗਤਪੁਰਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਖੁਦ ਵੀ ਵੈਕਸੀਨ ਲਗਵਾਉਣ ਤੇ ਅੱਗੇ ਹੋਰਨਾਂ ਨੂੰ ਵੀ ਵੱਧ ਤੋਂ ਵੱਧ ਵੈਕਸੀਨ ਲਗਵਾਉਣ ਲਈ ਪ੍ਰੇਰਨ।
ਸ. ਸਿੱਧੂ ਨੇ ਦੱਸਿਆ ਕਿ ਵੱਡੀ ਗਿਣਤੀ ਸਾਬਕਾ ਫੌਜੀ ਇਸ ਮੁਹਿੰਮ ਦਾ ਸਾਥ ਦੇ ਰਹੇ ਹਨ ਤੇ ਫੌਜ ਵੱਲੋਂ ਇਸ ਕੈਂਪ ਲਈ ਡਾਕਟਰ, ਪੈਰਾ ਮੈਡੀਕਲ, ਸਪੋਰਟ ਸਟਾਫ ਐਂਬੂਲੈਂਸ ਤੇ ਹੋਰ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਗਤਪੁਰਾ ਸੰਘਣੀ ਅਬਾਦੀ ਵਾਲਾ ਖੇਤਰ ਹੈ ਤੇ ਇੱਥੇ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਵੈਕਸੀਨੇਸ਼ਨ ਲਈ ਉਪਰਾਲੇ ਲਗਾਤਾਰ ਜਾਰੀ ਹਨ।
ਇਸ ਨਾਲ ਜਿੱਥੇ ਕਰੋਨਾ ਦੀ ਮੌਜੂਦਾ ਲਹਿਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ ਤੇ ਨਾਲ ਹੀ 100 ਫ਼ੀਸਦ ਵੈਕਸੀਨੇਸ਼ਲ ਦਾ ਟੀਚਾ ਪੂਰਾ ਕਰਨ ਵਿੱਚ ਮਦਦ ਮਿਲੇਗੀ, ਉਥੇ ਜੇ ਕਰੋਨਾ ਦੀ ਤੀਜੀ ਲਹਿਰ ਆਈ ਤਾਂ ਉਸ ਦਾ ਵੀ ਟਾਕਰਾ ਮਜ਼ਬੂਤੀ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਕਰਨਲ ਜਸਦੀਪ ਸਿੰਘ ਸੰਧੂ, ਡਾਇਰੈਕਟਰ ਸਿਵਲ ਮਿਲਟਰੀ ਅਫੇਅਰਜ਼ ਐਂਡ ਜੁਆਇੰਟ ਅਪਰੇਸ਼ਨ, ਵੈਸਟਰਨ ਕਮਾਂਡ ਨੇ ਦੱਸਿਆ ਕਿ ਵੈਸਟਰਨ ਆਰਮੀ ਕਮਾਂਡਰ ਲੈਫ. ਜਨਰਲ ਆਰ.ਪੀ.ਸਿੰਘ ਨੇ ਫ਼ੈਸਲਾ ਲਿਆ ਹੈ ਕਿ ਵੈਸਟਰਨ ਕਮਾਂਡ ਦੇ ਖੇਤਰ ਅਧੀਨ ਵੈਕਸੀਨੇਸ਼ਨ ਮੁਹਿੰਮ ਦੇ ਘੇਰੇ ਨੂੰ ਵਧਾਉਣ ਅਤੇ ਮੁਹਿੰਮ ਨੂੰ ਤੇਜ਼ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ।
ਇਸੇ ਤਹਿਤ ਇਹ ਵੈਕਸੀਨੇਸ਼ਨ ਕੈਂਪ ਲਾਇਆ ਗਿਆ ਹੈ, ਜ਼ੋ ਇੱਕ ਮਾਡਲ ਬਣ ਕੇ ਉਭਰਿਆ ਹੈ, ਜਿਸ ਵਿੱਚ ਫੌਜ਼ ਨੇ ਡਾਕਟਰ, ਪੈਰਾ ਮੈਡੀਕਲ, ਐਂਬੂਲੈਂਸ ਆਦਿ ਮੁਹੱਈਆ ਕਰਵਾਈ ਹੈ। ਭਵਿੱਖ ਵਿੱਚ ਵੀ ਫੌਜ਼ ਵੱਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ।
ਇਸ ਮੌਕੇ ਸਿਹਤ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਿਨਸ਼ੁਕਾ ਸੇਠੀ, ਡਾਇਰੈਕਟਰ, ਦਿ ਹੈਰੀਟੇਜ਼ ਪਬਲਿਕ ਸਕੂਲ ਅਤੇ ਨੋਡਲ ਇੰਸਟੀਚਿਊਟ ਆਫ਼ ਸਕਿਉਰਿਟੀ ਗਾਰਡਜ਼, ਟਰੱਸਟੀ ਤੇ ਸਾਬਕਾ ਆਰਮੀ ਕਮਾਂਡਰ ਲੈਫ. ਜਨਰਲ ਏਕਰੂਪ ਘੁੰਮਣ, ਕੈਪਟਨ ਡਾਕਟਰ ਨਿਤੇਸ਼ ਠਾਕੁਰ, ਕਰਨਲ ਬਲਵਿੰਦਰ ਸਿੰਘ, ਕਰਨਲ ਜਤਿੰਦਰ ਸਿੰਘ, ਕੈਪਸੀ ਨਾਰਥ ਰੀਜਨ ਦੇ ਉੱਪ ਪ੍ਰਧਾਨ ਮਨਜੀਤ ਚੀਮਾ, ਬੀ ਡੀ ਪੀ ਓ ਹਿਤੇਨ ਕਪਿਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।