ਇਸਲਾਮਾਬਾਦ : ਪਾਕਿਸਤਾਨ ਵਿਚ ਇਮਰਾਨ ਖ਼ਾਨ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਹਰ ਸਾਲ ਗਧਿਆਂ ਦੀ ਗਿਣਤੀ ਵਿਚ ਇਕ ਲੱਖ ਦਾ ਵਾਧਾ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨ ਵਿਚ ਹੋਰ ਜਾਨਵਰਾਂ ਦੀ ਵਾਧਾ ਦਰ ਲਗਭਗ ਸਥਿਰ ਰਹੀ ਹੈ। ਇਨ੍ਹਾਂ ਤਿੰਨ ਲੱਖ ਨਵੇਂ ਗਧਿਆਂ ਨੂੰ ਜੋੜਨ ਦੇ ਬਾਅਦ ਪਾਕਿਸਤਾਨ ਵਿਚ ਇਸ ਜਾਨਵਰ ਦੀ ਕੁਲ ਆਬਾਦੀ 56 ਲੱਖ ਤਕ ਪਹੁੰਚ ਗਈ ਹੈ। ਇਸ ਦੇ ਨਾਲ ਪਾਕਿਸਤਾਨ ਨੇ ਗਧਿਆਂ ਦੀ ਆਬਾਦੀ ਵਿਚ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਦੇਸ਼ ਹੋਣ ਦਾ ਮਾਣ ਕਾਇਮ ਰਖਿਆ ਹੈ। ਆਰਥਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਵਿਚ ਗਧਾ ਹੀ ਅਜਿਹਾ ਜਾਨਵਰ ਹੈ ਜਿਸ ਦੀ ਆਬਾਦੀ 2001 ਤੋਂ ਹਰ ਸਾਲ 1 ਲੱਖ ਦੀ ਦਰ ਨਾਲ ਵਧ ਰਹੀ ਹੈ। ਇਸ ਦੇ ਇਲਾਵਾ ਊਠ, ਘੋੜੇ ਅਤੇ ਖੱਚਰ ਸਮੇਤ ਹੋਰ ਜਾਨਵਰਾਂ ਦੀ ਗਿਣਤੀ ਵਾਧਾ ਪਿਛਲੇ 13 ਸਾਲਾਂ ਤੋਂ ਸਥਿਰ ਹੈ। ਸਮਝੌਤੇ ਮੁਤਾਬਕ ਪਾਕਿਸਤਾਨ ਚੀਨ ਨੂੰ ਹਰ ਸਾਲ 80 ਹਜ਼ਾਰ ਗਧੇ ਭੇਜਦਾ ਹੈ ਜਿਨ੍ਹਾਂ ਦੀ ਵਰਤੋਂ ਮਾਸ ਅਤੇ ਕਈ ਹੋਰ ਕੰਮਾਂ ਲਈ ਕੀਤੀ ਜਾਂਦੀ ਹੈ। ਇਸ ਦੀ ਚਮੜੀ ਦੀ ਵਰਤੋਂ ਵੀ ਹੁੁੰਦੀ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਕਈ ਚੀਨੀ ਕੰਪਨੀਆਂ ਨੇ ਪਾਕਿਸਤਾਨ ਵਿਚ ਗਧਿਆਂ ਦੇ ਵਪਾਰ ਲਈ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਪਾਕਿਸਤਾਨ ਸੰਸਾਰ ਦਾ ਤੀਜਾ ਸਭ ਤੋਂ ਜ਼ਿਆਦਾ ਗਧਿਆਂ ਦੀ ਆਬਾਦੀ ਵਾਲਾ ਮੁਲਕ ਹੈ। ਪਾਕਿਸਤਾਨ ਵਿਚ ਗਧਿਆਂ ਦੀਆਂ ਨਸਲਾਂ ਦੇ ਹਿਸਾਬ ਨਾਲ ਉਨ੍ਹਾਂ ਦੀ ਕੀਮਤ ਤੈਅ ਹੁੰਦੀ ਹੈ। ਇਕ ਗਧੇ ਦੀ ਚਮੜੀ ਦੇ 15 ਤੋਂ 20 ਹਜ਼ਾਰ ਪਾਕਿਸਤਾਨੀ ਰੁਪਏ ਮਿਲ ਜਾਂਦੇ ਹਨ। ਇਥੇ ਗਧਿਆਂ ਦੇ ਇਲਾਜ ਲਈ ਵਖਰੇ ਹਸਪਤਾਲ ਵੀ ਬਣੇ ਹਨ।