ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਟੀਕਾਕਰਨ ਸਮਾਂ-ਸਾਰਣੀ ਵਿਚ ਵੱਡਾ ਬਦਲਾਅ ਕੀਤਾ ਹੈ। ਦੂਜੀ ਖ਼ੁਰਾਕ ਦਾ ਵਕਫ਼ਾ ਦੋ ਵਾਰ ਵਧਾਉਣ ਦੇ ਬਾਅਦ ਹੁਣ ਇਸ ਨੂੰ ਵਿਦੇਸ਼ ਯਾਤਰਾ ’ਤੇ ਜਾ ਰਹੇ ਲੋਕਾਂ ਲਈ ਘਟਾਇਆ ਗਿਆ ਹੈ ਯਾਨੀ ਕੁਝ ਵਰਗਾਂ ਵਿਚ ਦੋ ਖ਼ੁਰਾਕਾਂ ਲਈ 84 ਦਿਨ (12-16 ਹਫ਼ਤੇ) ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। 28 ਦਿਨ ਯਾਨੀ 4-6 ਹਫ਼ਤੇ ਬਾਅਦ ਵੀ ਦੂਜਾ ਟੀਕਾ ਲਗਵਾਇਆ ਜਾ ਸਕਦਾ ਹੈ। ਦੋ ਟੀਕਿਆਂ ਵਿਚਲਾ ਵਕਫ਼ਾ ਸਿਰਫ਼ ਕੋਵੀਸ਼ੀਲਡ ਲਈ ਘਟਾਇਆ ਗਿਆ ਹੈ। ਕੋਵੈਕਸੀਨ ਦੀਆਂ ਦੋ ਖ਼ੁਰਾਕਾਂ ਵਿਚਲਾ ਵਕਫ਼ਾ 28 ਦਿਨ ਹੈ ਤੇ ਉਹ ਪਹਿਲਾਂ ਵਾਂਗ ਹੀ ਰਹੇਗਾ। ਕੋਵੀਸ਼ੀਲਡ ਦੇ ਦੋ ਖ਼ੁਰਾਕਾਂ ਵਿਚਲੇ ਵਕਫ਼ੇ ਵਿਚ ਇਹ ਤੀਜਾ ਬਦਲਾਅ ਹੈ। 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਇਆ ਤਾਂ ਕੋਵੀਸ਼ੀਲਡ ਵਿਚ ਦੋ ਖ਼ੁਰਾਕਾਂ ਦਾ ਵਕਫ਼ਾ (28-42) ਦਿਨਾਂ ਦਾ ਰਖਿਆ ਗਿਆ ਸੀ। ਫਿਰ 22 ਮਾਰਚ ਨੂੰ ਕੋਵੀਸ਼ੀਲਡ ਦੀਆਂ ਦੋ ਖ਼ੁਰਾਕਾਂ ਵਿਚਲਾ ਵਕਫ਼ਾ 4-6 ਹਫ਼ਤੇ ਤੋਂ ਵਧਾ ਕੇ 6-8 ਹਫ਼ਤੇ ਕੀਤਾ ਗਿਆ। ਫਿਰ 13 ਮਈ ਨੂੰ ਇਹ ਗੈਪ ਵਧਾ ਕੇ 12-16 ਹਫ਼ਤੇ ਕਰ ਦਿਤਾ ਗਿਆ। ਨਵੇਂ ਦਿਸ਼ਾ-ਨਿਰਦੇਸ਼ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਪਹਿਲਾ ਟੀਕਾ ਲਗਵਾ ਚੁੱਕਾ ਹਨ ਅਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਯਾਤਰਾ ’ਤੇ ਜਾਣਾ ਹੈ। ਇਹ ਯਾਤਰਾ ਉਨ੍ਹਾਂ ਨੂੰ ਪੜ੍ਹਾਈ, ਰੁਜ਼ਗਾਰ ਜਾਂ ਓਲੰਪਿਕ ਟੀਮ ਦੇ ਹਿੱਸੇ ਵਜੋਂ ਕਰਨੀ ਪੈ ਸਕਦੀ ਹੈ। ਅਜਿਹੇ ਲੋਕਾਂ ਨੂੰ ਕੋਵੀਸ਼ੀਲਡ ਦੀ ਦੂਜੀ ਖ਼ੁਰਾਕ ਲਈ 84 ਦਿਨ ਦੀ ਉਡੀਕ ਨਹੀਂ ਕਰਨੀ ਪਵੇਗੀ। ਉਹ ਇਸ ਤੋਂ ਪਹਿਲਾਂ ਵੀ ਦੂਜਾ ਟੀਕਾ ਲਗਵਾ ਸਕਦੇ ਹਨ। ਬਾਕੀ ਲੋਕਾਂ ਨੂੰ ਇਹ ਰਾਹਤ ਨਹੀਂ ਮਿਲੇਗੀ। ਉਨ੍ਹਾਂ ਨੂੰ 84 ਦਿਨਾਂ ਦੀ ਉਡੀਕ ਕਰਨੀ ਪਵੇਗੀ।