ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਮਾਰੂ ਟੀਕਿਆਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਟੀਕਾਕਰਨ ਕਰ ਕੇ ਇਸ ਬੀਮਾਰੀ ਉਤੇ ਕਾਬੂ ਪਾਇਆ ਜਾ ਸਕੇ। ਇਸੇ ਲਈ ਸਰਕਾਰ ਨੇ ਇਕ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਤਹਿਤ ਜਿਨ੍ਹਾਂ ਇਲਾਕਿਆਂ ਵਿਚ ਆਵਾਜਾਈ ਦੇ ਸਾਧਨ ਘਟ ਹਨ ਜਾਂ ਫਿਰ ਜੋ ਲੋਕ ਉਚੀਆਂ ਪਹਾੜੀਆਂ ਉਤੇ ਰਹਿੰਦੇ ਹਨ ਉਨ੍ਹਾਂ ਤਕ ਟੀਕਿਆਂ ਦੀ ਪਹੁੰਚ ਹੁਣ ਡਰੋਨ ਨਾਲ ਹੋਵੇਗੀ। ਇਥੇ ਦਸ ਦਈਏ ਕਿ ਦੇਸ਼ ਵਿਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਟੀਕਾਕਰਨ ਅਭਿਆਨ ਨੂੰ ਸਰਕਾਰ ਹੁਣ ਦੂਰ ਦਰਾਜ਼ ਦੇ ਇਲਾਕਿਆਂ ਤੱਕ ਆਸਾਨੀ ਨਾਲ ਪਹੁੰਚਾਉਣ ਦੀ ਵੀ ਯੋਜਨਾ 'ਤੇ ਕੰਮ ਰਹੀ ਹੈ, ਜਿਸ ਤਹਿਤ ਹੁਣ ਡਰੋਨ ਦੀ ਮਦਦ ਲਈ ਜਾਵੇਗੀ। ਇਥੇ ਦਸ ਦਈਏ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਰੱਖੇ ਹਨ ਪਰ ਇਸ ਦੀ ਰਫ਼ਤਾਰ ਹੌਲੀ ਹੌਲੀ ਘਟ ਰਹੀ ਹੈ ਅਤੇ ਇਸੇ ਲੜੀ ਤਹਿਤ ਆਈਸੀਐੱਮਆਰ ਅਨੁਸਾਰ ਭਾਰਤ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਲਈ 19,20,477 ਸੈਂਪਲ ਟੈਸਟ ਕੀਤੇ ਗਏ।