ਅੱਗ ਬੁਝਾਉਣ ਲਈ 6 ਗੱਡੀਆਂ ਮੌਕੇ ਉਤੇ ਪੁੱਜੀਆਂ
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ ਦਿਨ ਵੀ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਅਤੇ ਇਸੇ ਤਰ੍ਹਾਂ ਅੱਜ ਸਵੇਰੇ ਤੜਕੇ ਦਿੱਲੀ ਦੇ ਇਕ ਇਲਾਕੇ ਵਿਚ ਫਿਰ ਤੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਕਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਤੜਕੇ ਇੱਕ ਝੁੱਗੀ ਵਿੱਚ ਭਿਆਨਕ ਅੱਗ ਲੱਗ ਗਈ। ਖ਼ਬਰ ਲਿਖੇ ਜਾਣ ਤਕ ਕਈ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਅਜੇ ਤੱਕ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਉ 6 ਗੱਡੀਆਂ ਮੌਕੇ' ਤੇ ਪਹੁੰਚ ਗਈਆਂ ਹਨ। ਫਿਲਹਾਲ ਅੱਗ ਬੁਝਾਉਣ ਦਾ ਕੰਮ ਚਲ ਰਿਹਾ ਹੈ। ਅੱਗ ਜਿਆਦਾ ਹੋਣ ਕਾਰਨ ਅੱਗ ਬੁਝਾਉਣ ਦੇ ਕੰਮ ਵਿੱਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ ਅੱਗ ਇੰਨੀ ਭਿਆਨਕ ਹੈ ਕਿ ਅੱਗ ਦੀਆਂ ਲਪਟਾਂ ਬਹੁਤ ਦੂਰੀ ਤੋਂ ਵੇਖੀਆਂ ਜਾ ਸਕਦੀਆਂ ਹਨ। ਅੱਗ ਉਸ ਸਮੇਂ ਸ਼ੁਰੂ ਹੋਈ ਜਦੋਂ ਜ਼ਿਆਦਾਤਰ ਲੋਕ ਗਹਿਰੀ ਨੀਂਦ ਵਿੱਚ ਸਨ। ਇਹ ਇਲਾਕਾ ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਲਈ ਸ਼ਹਿਰ ਦੇ ਕਈ ਕੈਂਪਾਂ ਵਿੱਚੋਂ ਇੱਕ ਦੱਸਿਆ ਜਾਂਦਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਝੁੱਗੀਆਂ ਵਿਚ ਅੱਗ ਕਿਸ ਕਾਰਨ ਲੱਗੀ। ਮੌਕੇ ਉਤੇ ਪੁੱਜੇ ਪ੍ਰਸ਼ਾਸਨਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਘਟਨਾ ਦੀ ਜਾਂਚ ਕਰਵਾਈ ਜਾਵੇਗੀ।