ਨਵੀਂ ਦਿੱਲੀ: ਐਲੋਪੈਥੀ ਬਾਰੇ ਇਤਰਾਜ਼ਯੋਗ ਬਿਆਨ ਦੇਣ ਵਾਲਾ ਯੋਗ ਗੁਰੂ ਅਤੇ ਉਦਯੋਗਪਤੀ ਬਾਬਾ ਰਾਮਦੇਵ ਪਹਿਲਾਂ ਵੀ ਕਈ ਵਾਰ ਵਿਵਾਦਾਂ ਵਿਚ ਰਿਹਾ ਹੈ। ਜਿਸ ਰਫ਼ਤਾਰ ਨਾਲ ਉਸ ਨਾਲ ਵਿਵਾਦ ਜੁੜਦੇ ਹਨ, ਉਸੇ ਰਫ਼ਤਾਰ ਨਾਲ ਉਸ ਦਾ ਕਾਰੋਬਾਰ ਵੀ ਵਧਦਾ ਹੈ। ਬਲੂਮਬਰਗ ਕਵਿੰਟ ਦੀ ਰੀਪੋਰਟ ਮੁਤਾਬਕ ਰਾਮਦੇਵ ਦੇ ਪਤੰਜਲੀ ਗਰੁਪ ਨੇ ਇਸ ਵਿੱਤ ਵਰ੍ਹੇ ਵਿਚ 26,400 ਕਰੋੜ ਰੁਪਏ ਦੀ ਮਾਲੀਆ ਇਕੱਠਾ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਵਿਕਰੀ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਵੀ 400 ਫ਼ੀਸਦੀ ਦਾ ਵਾਧਾ ਹੋਇਆ ਹੈ। ਹਰਿਆਣਾ ਦੇ ਛੋਟੇ ਜਿਹੇ ਪਿੰਡ ਦੇ ਜੰਮਪਲ ਰਾਮਦੇਵ ਨੇ ਏਨਾ ਵੱਡਾ ਸਾਮਰਾਜ ਕਿਵੇਂ ਬਣਾਇਆ? ਜਦ ਉਨ੍ਹਾਂ ਭੌਤਿਕ ਸੰਸਾਰ ਨੂੰ ਤਿਆਗ ਦਿਤਾ ਤਾਂ ਉਹ ਟੁੱਥਪੇਸਟ, ਨੂਡਲਜ਼ ਅਤੇ ਟਾਇਲਟ ਕਲੀਨਰ ਕਿਉਂ ਵੇਚ ਰਹੇ ਹਨ। ਮੋਦੀ ਸਰਕਾਰ ਆਉਣ ਮਗਰੋਂ ਪਤੰਜਲੀ ਆਯੁਰਵੇਦ ਦੀ ਆਮਦਨ 25 ਹਜ਼ਾਰ ਕਰੋੜ ਕਿਵੇਂ ਵਧ ਗਈ? ਰਾਮਦੇਵ ਦਾ ਅਸਲੀ ਨਾਮ ਰਾਮਕਿਸ਼ਨ ਯਾਦਵ ਸੀ। 1989 ਵਿਚ ਉਸ ਨੇ ਅਪਣਾ ਨਾਮ ਬਦਲ ਕੇ ਰਾਮਦੇਵ ਰੱਖ ਲਿਆ। 1990 ਵਿਚ ਉਹ ਜੀਂਦ ਵਿਚ ਇਕ ਗੁਰੂਕੂਲ ਦੇ ਪ੍ਰਿੰਸੀਪਲ ਬਣੇ। 1991 ਵਿਚ ਸਭ ਕੁਝ ਛੱਡ ਕੇ ਗੰਗੋਤਰੀ ਚਲੇ ਗਏ। ਉਸ ਨੇ ਗੰਗਾ ਕੰਢੇ ਦੋ ਚੇਲਿਆਂ ਨੂੰ ਯੋਗ ਸਿਖਾਉਣਾ ਸ਼ੁਰੂ ਕੀਤਾ। ਫਿਰ ਉਸ ਦੀ ਮੁਲਾਕਾਤ ਗੁਜਰਾਤੀ ਵਪਾਰੀ ਜਿਵਰਾਜ ਭਾਈ ਪਟੇਲ ਨਾਲ ਹੋਈ। ਫਿਰ ਉਹ ਸੂਰਤ ਆ ਗਿਆ ਅਤੇ ਇਥੇ ਕਰੀਬ 200 ਲੋਕਾਂ ਲਈ ਪਹਿਲਾ ਯੋਗ ਕੈਂਪ ਲਾਇਆ। ਇਸ ਤਰ੍ਹਾਂ ਕੈਂਪਾਂ ਦਾ ਸਿਲਸਿਲਾ ਚੱਲ ਪਿਆ। 1995 ਵਿਚ ਜਿਵਰਾਜ ਨੇ 3.5 ਲੱਖ ਰੁਪਏ ਦਾਨ ਦਿਤੇ। ਰਾਮਦੇਵ ਨੇ ਦਿਵਯ ਫ਼ਾਰਮੇਸੀ ਅਤੇ ਦਿਵਯ ਯੋਗ ਟਰੱਸਟ ਦੀ ਸਥਾਪਨਾ ਕੀਤੀ। 2001 ਵਿਚ ਰਾਮਦੇਵ 20 ਮਿੰਟ ਦਾ ਯੋਗ ਪ੍ਰੋਗਰਾਮ ਲੈ ਕੇ ਸੰਸਕਾਰ ਚੈਨਲ ’ਤੇ ਆਉਣ ਲੱਗੇ। ਇਹ ਉਨ੍ਹਾਂ ਦੇ ਜੀਵਨ ਦਾ ਟਰਨਿੰਗ ਪੁਆਇੰਟ ਸੀ। ਇਸ ਸ਼ੋਅ ਜ਼ਰੀਏ ਉਨ੍ਹਾਂ ਨੂੰ ਦੇਸ਼ ਵਿਚ ਪਛਾਣਿਆ ਜਾਣ ਲੱਗਾ। ਤਿੰਨ ਸਾਲ ਬਾਅਦ ਉਹ ਆਸਥਾ ਚੈਨਲ ਵਿਚ ਵੀ ਲਾਈਵ ਯੋਗ ਸੈਸ਼ਨ ਕਰਾਉਣ ਲੱਗੇ। ਹੌਲੀ ਹੌਲੀ ਰਾਮਦੇਵ ਦਾ ਰਾਜਸੀ ਦਖ਼ਲ ਵਧਣ ਲੱਗਾ। 2007 ਵਿਚ ਪਤੰਜਲੀ ਯੋਗਪੀਠ ਦੀ ਸਥਾਪਨਾ ਕੀਤੀ। ਇਸ ਪ੍ਰੋਗਰਾਮ ਵਿਚ 15 ਮੁੱਖ ਮੰਤਰੀ ਆਏ ਸਨ। 2009 ਵਿਚ ਪਤੰਜਲੀ ਆਯੁਰਵੇਦ ਲਿਮਟਿਡ ਸ਼ੁਰੂ ਹੋਇਆ। ਰਾਮਦੇਵ ਨੇ 50 ਉਤਪਾਦਾਂ ਨਾਲ ਸ਼ੁਰੂਆਤ ਕੀਤੀ ਜੋ ਹੁਣ ਕਰੀਬ 500 ਉਤਪਾਦਾਂ ਤਕ ਪਹੁੰਚ ਗਈ ਹੈ। 2012 ਵਿਚ ਕੰਪਨੀ ਦਾ ਟਰਨਓਵਰ 450 ਕਰੋੜ ਸੀ ਜੋ ਮਾਰਚ 2016 ਵਿਚ ਵੱਧ ਕੇ 5 ਹਜ਼ਾਰ ਕਰੋੜ ਹੋ ਗਿਆ। ਸਿਰਫ਼ ਚਾਰ ਸਾਲ ਵਿਚ 11 ਗੁਣਾਂ ਵਾਧਾ। 2021 ਵਿਚ ਇਹ 26 ਹਜ਼ਾਰ ਕਰੋੜ ਦਾ ਹੋ ਗਿਆ।