ਮੁੰਬਈ : ਬੀਤੇ ਇਕ ਸਾਲ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਝੱਲ ਰਹੀ ਅਦਾਕਾਰਾ ਰੀਆ ਚੱਕਰਵਰਤੀ ਨੇ ਅਦਾਕਾਰ ਸੁਸ਼ਾਂਤ ਦੀ ਪਹਿਲੀ ਬਰਸੀ ਮੌਕੇ ਜਜ਼ਬਾਤੀ ਪੋਸਟ ਲਿਖੀ। ਉਸ ਨੇ ਲਿਖਿਆ, ‘ਅਜਿਹਾ ਕੋਈ ਪਲ ਨਹੀਂ ਜਦ ਮੈਂ ਯਕੀਨ ਕਰਾਂ ਕਿ ਤੁਸੀਂ ਇਥੇ ਨਹੀਂ ਹੋ। ਲੋਕ ਕਹਿੰਦੇ ਹਨ ਕਿ ਸਮਾਂ ਸਭ ਕੁਝ ਠੀਕ ਕਰ ਦਿੰਦਾ ਹੈ ਪਰ ਮੇਰਾ ਸਮਾਂ ਅਤੇ ਸਭ ਕੁਝ ਤੁਸੀਂ ਸੀ। ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਫ਼ਰਿਸ਼ਤੇ ਹੋ। ਮੇਰੀ ਰਖਿਆ ਕਰ ਰਹੇ ਹੋ।’ ਉਸ ਨੇ ਕਿਹਾ, ‘ਮੈਂ ਰੋਜ਼ ਉਡੀਕ ਕਰਦੀ ਹਾਂ ਕਿ ਤੁਸੀਂ ਮੈਨੂੰ ਲੈਣ ਆਵੋਗੇ। ਮੈਂ ਤੁਹਾਨੂੰ ਹਰ ਥਾਂ ਵੇਖਦੀ ਹਾਂ। ਮੈਂ ਜਾਣਦੀ ਹਾਂ ਕਿ ਤੁਸੀਂ ਮੇਰੇ ਨਾਲ ਹੋ। ਇਹ ਦਰਦ ਮੈਨੂੰ ਹਰ ਦਿਨ ਤੋੜ ਦਿੰਦਾ ਹੈ। ਫਿਰ ਮੈਂ ਸੋਚਦੀ ਹਾਂ ਕਿ ਤੁਸੀਂ ਕਹਿ ਰਹੇ ਹੋ, ਤੁਹਾਨੂੰ ਇਹ ਮਿਲ ਗਿਆ ਬੇਬੂ। ਇਹ ਲਿਖਣ ਵਿਚ ਮੇਰਾ ਦਿਲ ਦੁਖਦਾ ਹੈ, ਇਹ ਮਹਿਸੂਸ ਕਰਨ ਵਿਚ ਮੇਰਾ ਦਿਲ ਦੁਖਦਾ ਹੈ।’14 ਜੂਨ 2020 ਨੂੰ ਸੁਸ਼ਾਂਤ ਰਾਜਪੂਤ ਬਾਂਦਰਾ ਵਿਖੇ ਅਪਣੇ ਕਮਰੇ ਵਿਚ ਮ੍ਰਿਤਕ ਮਿਲਿਆ ਸੀ। ਰੀਆ ਚੱਕਰਵਰਤੀ ਜਿਹੜੀ ਉਸ ਦੀ ਦੋਸਤ ਸੀ, ਉਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਾ ਸੀ। ਇਸ ਮਾਮਲੇ ਵਿਚ ਨਸ਼ਿਆਂ ਦਾ ਐਂਗਲ ਵੀ ਸਾਹਮਣੇ ਆਇਆ ਸੀ। ਪੁੱਛਗਿਛ ਮਗਰੋਂ ਰੀਆ ਨੂੰ 8 ਸਤੰਬਰ 2020 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 7ਅਕਤੂਬਰ 2020 ਨੂੰ ਬੰਬੇ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਪਹਿਲਾਂ ਉਹ 30 ਦਿਨਾਂ ਤਕ ਜੇਲ ਵਿਚ ਰਹੀ।