ਚੰਡੀਗੜ੍ਹ: ਕੋਟਕਪੂਰਾ ਗੋਲੀਬਾਰੀ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਜਾਂਚ ਟੀਮ ਅੱਗੇ ਤੈਅ ਤਰੀਕ ਨੂੰ ਪੇਸ਼ ਨਹੀਂ ਹੋਣਗੇ। ਹਾਈ ਕੋਰਟ ਦੇ ਹੁਕਮਾਂ ’ਤੇ ਜਾਂਚ ਲਈ ਬਣਾਈ ਗਈ ਕਮੇਟੀ ਨੇ ਸ. ਬਾਦਲ ਨੂੰ 16 ਜੂਨ ਲਈ ਸੰਮਨ ਭੇਜੇ ਹਨ। ਉਨ੍ਹਾਂ ਕੋਲੋਂ ਇਸ ਬਹੁਚਰਚਿਤ ਮਾਮਲੇ ਸਬੰਧੀ ਪੁੱਛ-ਪੜਤਾਲ ਕੀਤੀ ਜਾਣੀ ਸੀ। ਕਲ ਜਦੋਂ ਉਨ੍ਹਾਂ ਨੂੰ ਸੰਮਨ ਭੇਜੇ ਜਾਣ ਦੀ ਖ਼ਬਰ ਆਈ ਸੀ ਤਾਂ ਮੀਡੀਆ ਵਿਚ ਇਸ ਦੀ ਕਾਫ਼ੀ ਚਰਚਾ ਹੋਈ। ਕਈ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਮੁੱਖ ਸੁਰਖੀ ਵੀ ਬਣਾਇਆ। ਅੱਜ ਸੂਤਰਾਂ ਨੇ ਦਸਿਆ ਕਿ ਸ. ਬਾਦਲ ਸਿਹਤ ਕਾਰਨਾਂ ਕਰਕੇ ਐਸ.ਆਈ.ਟੀ. ਅੱਗੇ ਪੇਸ਼ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਏ.ਡੀ.ਜੀ.ਪੀ. ਸ੍ਰੀ ਐਲ.ਕੇ. ਯਾਦਵ ਦੀ ਅਗਵਾਈ ਹੇਠ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅੱਗਰਵਾਲ ਅਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ: ਸੁਰਜੀਤ ਸਿੰਘ ਦੀ ਸ਼ਮੂਲੀਅਤ ਵਾਲੀ ਐਸ.ਆਈ.ਟੀ. ਨੇ ਸ: ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ ਸੀ। ਸ:ਬਾਦਲ ਨੂੰ ਮੋਹਾਲੀ ਦੇ ਫ਼ੇਜ਼ 8 ਵਿੱਚ ਸਥਿਤ ਪੀ.ਐਸ.ਪੀ.ਸੀ.ਐਲ. ਰੈਸਟ ਹਾਊਸ ਵਿੱਚ ਸਵੇਰੇ 10 ਵਜੇ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਸ:ਬਾਦਲ ਦੇ ਐਸ.ਆਈ.ਟੀ. ਅੱਗੇ ਪੇਸ਼ ਨਾ ਹੋਣ ਲਈ ਉਨ੍ਹਾਂ ਦੀ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਸੰਬੰਧੀ ਜਾਣਕਾਰੀ ਲਿਖ਼ਤੀ ਤੌਰ ’ਤੇ ਐਸ.ਆਈ.ਟੀ. ਨੂੰ ਭੇਜ ਦਿੱਤੀ ਗਈ ਹੈ।