ਪੱਛਮੀ ਬੰਗਾਲ : ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਅਗਲੀਆਂ ਚੋਣਾਂ ਲਈ ਹੁਣ ਤੋਂ ਹੀ ਮੁਸ਼ਤੈਦ ਹੋ ਗਈ ਹੈ। ਇਸੇ ਲਈ ਤ੍ਰਿਣਮੂਲ ਕਾਂਗਰਸ ਨੇ 2026 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਪ੍ਰਸ਼ਾਂਤ ਕਿਸ਼ੋਰ ਨੂੰ ਭਾਰਤੀ ਰਾਜਨੀਤਿਕ ਐਕਸ਼ਨ ਕਮੇਟੀ ਦੇ ਬੋਰਡ ਵਿਚ ਸ਼ਾਮਲ ਕੀਤਾ ਹੈ। ਸੂਤਰਾਂ ਮੁਤਾਬਕ ਇਸ ਸਾਰੀ ਕਾਰਵਾਈ ਨੂੰ ਮਮਤਾ ਬੈਨਰਜੀ ਦੀ ਭਾਜਪਾ ਖਿਲਾਫ ਤਿਆਰ ਕਰਨ ਵਜੋਂ ਵੇਖਿਆ ਜਾ ਰਿਹਾ ਹੈ। ਮਮਤਾ ਬੈਨਰਜੀ ਵਲੋਂ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਹੱਥ ਮਿਲਾਉਣ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਹੈਰਾਨੀਕੁੰਨ ਦਸਿਆ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ, ਪਿਛੇ ਜਹੇ ਪਛਮੀ ਬੰਗਾਲ ਦੀਆਂ ਚੋਣਾਂ ਮਗਰੋਂ ਪ੍ਰਸ਼ਾਂਤ ਕਿਸ਼ੋਰ ਨੇ ਸਿਆਸਤ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿਤਾ ਸੀ। ਇਥੇ ਦਸ ਦਈਏ ਕਿ ਮਹੀਨਾ ਕੁ ਪਹਿਲਾਂ ਪਈਆਂ ਚੋਣਾਂ ਵਿਚ ਭਾਜਪਾ ਵਿਧਾਨ ਸਭਾ ਚੋਣਾਂ ਵਿੱਚ 200 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਦਾਅਵਾ ਕਰ ਰਹੀ ਸੀ, ਪਰ ਪ੍ਰਸ਼ਾਂਤ ਕਿਸ਼ੋਰ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ। ਚੋਣ ਨਤੀਜਿਆਂ ਤੋਂ ਇਹ ਸਪੱਸ਼ਟ ਹੈ ਕਿ ਪ੍ਰਸ਼ਾਂਤ ਨੇ ਤੀਜੀ ਵਾਰ ਮਮਤਾ ਬੈਨਰਜੀ ਨੂੰ ਸੀਐਮ ਦਾ ਅਹੁਦਾ ਦਿਵਾਉਣ ਲਈ ਫਿਰ ਅਹਿਮ ਭੂਮਿਕਾ ਨਿਭਾਈ ਹੈ। ਹੁਣ ਵਿਧਾਨ ਸਭਾ ਦੀਆਂ ਚੋਣਾਂ ਖ਼ਤਮ ਹੋ ਗਈਆਂ ਹਨ, ਪਰ ਟੀਐਮਸੀ (TMC) ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਅਤੇ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਵਿਚਾਲੇ ਸਬੰਧ ਬਣੇ ਰਹਿਣਗੇ। ਸੂਤਰਾਂ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਦਾ ਸੰਗਠਨ ਪਹਿਲਾਂ ਦੀ ਤਰ੍ਹਾਂ ਟੀਐਮਸੀ ਨਾਲ ਕੰਮ ਕਰਨਾ ਜਾਰੀ ਰੱਖੇਗਾ।