ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗਲਵਾਨ ਘਾਟੀ ਵਿਚ ਚੀਨ ਦੇ ਫ਼ੌਜੀਆਂ ਨਾਲ ਝੜਪ ਵਿਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਇਕ ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਇਸ ਘਟਨਾ ਨਾਲ ਜੁੜੇ ਹਾਲਾਤ ਬਾਰੇ ਅਸਪਸ਼ਟਤਾ ਹੈ ਅਤੇ ਸਰਕਾਰ ਦੇਸ਼ ਨੂੰ ਵਿਸ਼ਵਾਸ ਵਿਚ ਲਵੇ ਤੇ ਇਹ ਯਕੀਨੀ ਕਰੇ ਕਿ ਉਸ ਦੇ ਕਦਮ ਦੇਸ਼ ਦੇ ਜਵਾਨਾਂ ਦੀ ਪ੍ਰਤੀਬੱਧਤਾ ਦੇ ਮੁਤਾਬਕ ਰਹੇ ਹਨ। ਸੋਨੀਆ ਨੇ ਜਵਾਨਾਂ ਦੇ ਬਲੀਦਾਨ ਨੂੰ ਯਾਦ ਕੀਤਾ ਅਤੇ ਇਹ ਦਾਅਵਾ ਕੀਤਾ ਕਿ ਫ਼ੌਜੀਆਂ ਦੇ ਪਿੱਛੇ ਫ਼ੌਜੀਆਂ ਦੇ ਪਿੱਛੇ ਹਟਾਉਣ ਦਾ ਜੋ ਸਮਝੌਤਾ ਚੀਨ ਦੇ ਨਾਲ ਹੋਇਆ ਹੈ ਉਸ ਤੋਂ ਭਾਰਤ ਦਾ ਨੁਕਸਾਨ ਵਿਖਾਈ ਪੈਂਦਾ ਹੈ। ਉਨ੍ਹਾਂ ਬਿਆਨ ਰਾਹੀਂ ਕਿਹਾ, ‘14-15 ਜੂਨ 2020 ਦੀ ਰਾਤ ਨੂੰ ਚੀਨ ਦੀ ਫ਼ੌਜ ਨਾਲ ਹੋਈ ਝੜਪ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਵਿਚ ਬਿਹਾਰ ਰੈਜੀਮੈਂਟ ਦੇ ਸਾਡੇ 20 ਜਵਾਨਾਂ ਦੀ ਜਾਨ ਚਲੇ ਗਈ। ਕਾਂਗਰਸ ਸਾਡੇ ਜਵਾਨਾਂ ਦੇ ਬਲੀਦਾਨ ਨੂੰ ਯਾਦਨ ਕਰਨ ਵਿਚ ਰਾਸ਼ਟਰ ਦੇ ਨਾਲ ਹੈ।’ ਉਨ੍ਹਾਂ ਕਿਹਾ ਕਿ ਬਹੁਤ ਧੀਰਜ ਨਾਲ ਉਡੀਕ ਕੀਤੀ ਗਈ ਕਿ ਸਰਕਾਰ ਸਾਹਮਣੇ ਆਏਗੀ ਅਤੇ ਦੇਸ਼ ਨੂੰ ਉਸ ਹਾਲਾਤ ਬਾਰੇ ਦੱਸੇਗੀ ਜਿਸ ਵਿਚ ਇਹ ਘਟਨਾ ਵਾਪਰੀ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਏਗੀ ਕਿ ਸਾਡੇ ਜਵਾਨਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਚਿੰਤਾ ਨੂੰ ਮੁੜ ਪ੍ਰਗਟ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਵਾਰ ਵਾਰ ਵੇਰਵੇ ਮੰਗੇ ਗਏ ਪਰ ਹਾਲੇ ਤਕ ਕੋਈ ਜਵਾਬ ਨਹੀਂ ਆਇਆ। ਸੋਨੀਆ ਨੇ ਕਿਹਾ ਕਿ ਚੀਨ ਨਾਲ ਫ਼ੌਜਾਂ ਨੂੰ ਪਿੱਛੇ ਹਟਾਉਣ ਦਾ ਜੋ ਸਮਝੌਤਾ ਹੋਇਆ ਹੈ, ਉਸ ਤੋਂ ਲਗਦਾ ਹੈ ਕਿ ਇਹ ਹੁਣ ਤਕ ਭਾਰਤ ਲਈ ਪੂਰੀ ਤਰ੍ਹਾਂ ਨੁਕਸਾਨਦੇਹ ਰਿਹਾ ਹੈ।