ਗਾਜ਼ੀਆਬਾਦ : ਯੂਪੀ ਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ਵਿਚ ਮੁਸਲਮਾਨ ਬਜ਼ੁਰਗ ਨਾਲ ਕੁੱਟਮਾਰ ਅਤੇ ਉਸ ਦੀ ਦਾੜ੍ਹੀ ਕੱਟਣ ਦੀ ਕਥਿਤ ਵੀਡੀਓ ਸਾਹਮਣੇ ਆਈ ਹੈ ਜਿਸ ਕਾਰਨ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਇਕ ਤਬਕਾ ਸੂਬੇ ਦੀ ਯੋਗੀ ਸਰਕਾਰ ’ਤੇ ਹਮਲਾਵਰ ਹੈ ਅਤੇ ਦੋਸ਼ ਲਾ ਰਿਹਾ ਹੈ ਕਿ ਯੋਗੀ ਦੇ ਸ਼ਾਸਨ ਵਿਚ ਮੁਸਲਮਾਨਾਂ ’ਤੇ ਅਤਿਆਚਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਬਜ਼ੁਰਗ ਨੇ ਕਿਹਾ ਹੈ ਕਿ ਉਸ ਨੂੰ ਮੁਸਲਮਾਨ ਹੋਣ ਕਾਰਨ ਕੁਟਿਆ ਗਿਆ, ਉਸ ਦੀ ਦਾੜ੍ਹੀ ਕੱਟੀ ਗਈ ਅਤੇ ਜੈ ਸ੍ਰੀ ਰਾਮ ਦਾ ਨਾਹਰਾ ਲਗਵਾਇਆ ਗਿਆ। ਹਾਲਾਂਕਿ ਯੂਪੀ ਪੁਲਿਸ ਦਾ ਦਾਅਵਾ ਹੈ ਕਿ ਇਸ ਘਟਨਾ ਵਿਚ ਫ਼ਿਰਕਾਪ੍ਰਸਤੀ ਵਾਲੀ ਕੋਈ ਗੱਲ ਨਹੀਂ ਹੈ। ਪੁਲਿਸ ਨੇ ਕਿਹਾ ਕਿ ਉਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਹੈ ਅਤੇ ਮਾਮਲਾ ਕੁਝ ਹੋਰ ਹੀ ਨਿਕਲਿਆ ਹੈ। ਗਾਜ਼ੀਆਬਾਦ ਦੇ ਐਸਪੀ ਇਰਾਜ ਰਾਜਾ ਨੇ ਕਿਹਾ, ‘ਇਹ ਵੀਡੀਓ 5 ਜੂਨ ਦੀ ਹੈ। ਪੀੜਤ ਨੇ 7 ਜੂਨ ਨੂੰ ਅਗਿਆਤ ਲੋਕਾਂ ਵਿਰੁਧ ਸ਼ਿਕਾਇਤ ਲਿਖਵਾਈ ਸੀ। ਜਾਣਕਾਰੀ ਹਾਸਲ ਕੀਤੀ ਗਈ ਤਾਂ ਕੁਝ ਮੁੰਡਿਆਂ ਦੇ ਨਾਮ ਸਾਹਮਣੇ ਆਏ। ਇਹ ਵੀਡੀਓ ਬੇਹਟਾ ਹਾਜ਼ੀਪੁਰ ਪਿੰਡ ਵਿਚ ਪਰਵੇਸ਼ ਗੁੱਜਰ ਦੇ ਘਰ ਦੀ ਸੀ। ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬਜ਼ੁਰਗ ਅਬਦੁਲ ਸ਼ਮਦ ਅਨੂਪ ਸ਼ਹਿਰ ਦਾ ਵਾਸੀ ਹੈ। ਇਹ ਪਰਵੇਸ਼ ਅਤੇ ਹੋਰ ਲੋਕਾਂ ਦੇ ਬੁਲਾਉਣ ’ਤੇ ਬੇਹਟਾ ਗਿਆ ਸੀ। ਬਜ਼ੁਰਗ ਤਵੀਤ ਬਣਾਉਂਦਾ ਹੈ ਅਤੇ ਦਿੰਦਾ ਹੈ। ਇਸ ਨੇ ਮੁਲਜ਼ਮਾਂ ਦੇ ਪਰਵਾਰ ਅਤੇ ਹੋਰ ਲੋਕਾਂ ਨੂੰ ਤਵੀਤ ਬਣਾ ਕੇ ਦਿਤੇ ਸਨ। ਇਸੇ ਕਾਰਨ ਉਸ ਨੂੰ ਪਿੰਡ ਵਿਚ ਬੁਲਾਇਆ ਗਿਆ ਸੀ ਜਿਥੇ ਕੋਈ ਗੱਲ ਹੋਈ ਅਤੇ ਫਿਰ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ।’ ਧਾਰਮਕ ਨਾਹਰੇ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹੁਣ ਤਕ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿਚਾਲੇ ਕੋਈ ਲੈਣ-ਦੇਣ ਸੀ ਜਿਸ ਕਾਰਨ ਲੜਾਈ ਹੋਈ। ਧਾਰਮਕ ਭਾਵਨਾ ਵਾਲੀ ਕੋਈ ਗੱਲ ਨਹੀਂ। ਮੁਲਜ਼ਮ ਹਿਰਾਸਤ ਵਿਚ ਹਨ।