ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਪੂਰੀ ਦੁਨੀਆਂ ਵਿਚ ਫੈਲ ਹੀ ਚੁੱਕੀ ਹੈ ਅਤੇ ਇਸ ਨੂੰ ਰੋਕਣ ਲਈ ਸਿਰਫ਼ ਇਕ ਹੀ ਤਰੀਕਾ ਹੈ, ਉਹ ਹੈ ਟੀਕਾਕਰਨ। ਇਸੇ ਲਈ ਭਾਰਤ ਸਰਕਾਰ ਨੇ ਇਸ ਟੀਕਾਕਰਨ ਨੂੰ ਸੌਖਾ ਬਣਾਉਣ ਲਈ ਹੁਣ ਪਹਿਲੀਆਂ ਸ਼ਰਤਾਂ ਖ਼ਤਮ ਕਰ ਦਿਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਦਿਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕੋਰੋਨਾ ਟੀਕਾਕਰਨ ਲਈ ਪ੍ਰੀ-ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੋਵੇਗੀ। 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਵੈਕਸੀਨੇਟਨ ਆਨ ਸਾਈਟ 'ਤੇ ਰਜਿਸਟਰ ਕਰਵਾਏਗਾ ਤੇ ਉੱਥੇ ਹੀ Corona vaccine ਵੀ ਲੱਗੇਗੀ। ਮਤਲਬ ਕਿ ਪਹਿਲਾਂ ਦੀ ਤਰ੍ਹਾਂ ਨਹੀਂ ਹੋਵੇਗਾ ਕਿ ਘਰ ਬੈਠੇ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਉ ਅਤੇ ਫਿਰ ਟੀਕਾ ਲਵਾਉਣ ਜਾਉ। ਇਸ ਨੂੰ 'ਵਾਕ ਇਨ' ਵੀ ਕਿਹਾ ਜਾ ਸਕਦਾ ਹੈ। ਪੇਂਡੂ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਵਿਚ ਰਹਿੰਦੇ ਲੋਕ ਨੂੰ ਟੀਕਾਕਰਨ ਕੇਂਦਰਾਂ 'ਤੇ ਸਾਈਟ 'ਤੇ ਰਜਿਸਟਰ ਕਰਵਾ ਕੇ ਸਿੱਧੇ ਟੀਕੇ ਲਗਵਾਏ ਜਾ ਰਹੇ ਹਨ। ਮੰਤਰਾਲੇ ਨੇ ਇਹ ਵੀ ਕਿਹਾ ਕਿ 1075 ਹੈਲਪਲਾਈਨ ਰਾਹੀਂ ਰਜਿਸਟ੍ਰੇਸ਼ਨ ਲਈ ਮਦਦ ਸਹੂਲਤ ਵੀ ਚਾਲੂ ਕੀਤੀ ਗਈ ਹੈ। ਇਨ੍ਹਾਂ ਸਾਰੇ ਤਰੀਕਿਆਂ 'ਚੋਂ ਖ਼ਾਸਕਰ ਦਿਹਾਤੀ ਖੇਤਰਾਂ ਵਿਚ 13 ਜੂਨ, 2021 ਦੀ ਤਰੀਕ ਤਕ 28.36 ਕਰੋੜ ਲਾਭਪਾਤਰੀਆਂ ਨੂੰ ਕੋ-ਵਿਨ 'ਤੇ ਰਜਿਸਟਰੀ ਕਰਵਾ ਕੇ ਟੀਕਾ ਲਾਇਆ ਹੈ, 16.45 ਕਰੋੜ ਯਾਨੀ 58 ਪ੍ਰਤੀਸ਼ਤ ਲਾਭਪਾਤਰੀਆਂ ਨੇ ਆਨ-ਸਾਈਟ 'ਤੇ ਰਜਿਸਟਰੇਸ਼ਨ ਕਰਵਾਇਆ। ਹੁਣ ਇਸ ਤਰੀਕੇ ਨਾਲ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਲਵਾਉਣ ਵਿਚ ਮੁਸ਼ਕਲ ਪੇਸ਼ ਨਹੀਂ ਆਵੇਗੀ ਅਤੇ ਕੋਰੋਨਾ ਟੀਕਾਕਰਨ ਆਸਾਨੀ ਨਾਲ ਹੋ ਸਕੇਗਾ।