ਨਵੀਂ ਦਿੱਲੀ : ਲੋਕ ਜਨ ਸ਼ਕਤੀ ਪਾਰਟੀ ਦੇ ਆਗੂ ਚਿਰਾਗ ਪਾਸਵਾਨ ਨੇ ਅਪਣੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਲੋਕ ਸਭਾ ਵਿਚ ਪਾਰਟੀ ਦੇ ਆਗੂ ਵਜੋਂ ਮਾਨਤਾ ਦਿਤੇ ਜਾਣ ਦਾ ਵਿਰੋਧ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਪਾਰਟੀ ਦੇ ਵਿਧਾਨ ਦੇ ਵਿਰੁਧ ਹੈ। ਪਾਸਵਾਨ ਨੇ ਕਲ ਲਿਖੇ ਪੱਤਰ ਵਿਚ ਬਿਰਲਾ ਨੂੰ ਇਹ ਵੀ ਦਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਵਿਚ ਪਾਰਟੀ ਨੇ ਪਾਰਸ ਸਮੇਤ ਉਨ੍ਹਾਂ ਪੰਜ ਸੰਸਦ ਮੈਂਬਰਾਂ ਨੂੰ ਲੋਜਪਾ ’ਚੋਂ ਕੱਢ ਦਿਤਾ ਹੈ ਜੋ ਉਨ੍ਹਾਂ ਵਿਰੁਧ ਇਕਜੁਟ ਹੋਏ ਹਨ।
ਉਨ੍ਹਾਂ ਲੋਕ ਸਪਾ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਅਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਅਤੇ ਸਦਨ ਵਿਚ ਉਨ੍ਹਾਂ ਨੂੰ ਲੋਜਪਾ ਦੇ ਨੇਤਾ ਦੇ ਤੌਰ ’ਤੇ ਮਾਨਤਾ ਦੇਣ ਦਾ ਨਵਾਂ ਪੱਤਰ ਜਾਰੀ ਕਰਨ। ਬਿਹਾਰ ਦੇ ਜਮੂਈ ਤੋਂ ਲੋਕ ਸਭਾ ਮੈਂਬਰ ਪਾਸਵਾਨ ਨੇ ਕਿਹਾ, ‘ਲੋਜਪਾ ਦੇ ਸੰਵਿਧਾਨ ਦੀ ਮੱਦ 26 ਤਹਿਤ ਕੇਂਦਰੀ ਸੰਸਦੀ ਬੋਰਡ ਨੂੰ ਇਹ ਅਧਿਕਾਰ ਹੈ ਕਿ ਉਹ ਇਹ ਫ਼ੈਸਲਾ ਕਰੇ ਕਿ ਲੋਕ ਸਭਾ ਵਿਚ ਪਾਰਟੀ ਦਾ ਆਗੂ ਕੌਣ ਹੋਵੇਗਾ।
ਅਜਿਹੇ ਵਿਚ ਪਸ਼ੂਪਤੀ ਨੂੰ ਲੋਕ ਸਭਾ ਵਿਚ ਲੋਜਪਾ ਦਾ ਆਗੂ ਐਲਾਨਣ ਦਾ ਫ਼ੈਸਲਾ ਸਾਡੀ ਪਾਰਟੀ ਦੇ ਸੰਵਿਧਾਨ ਦੇ ਪ੍ਰਾਵਧਾਨ ਦੇ ਉਲਟ ਹੈ।’ ਪਿਛਲੇ ਦਿਨੀਂ ਲੋਜਪਾ ਦੇ ਛੇ ਸੰਸਦ ਮੈਂਬਰਾਂ ਵਿਚੋਂ ਪੰਜ ਨੇ ਚਿਰਾਗ ਪਾਸਵਾਨ ਦੀ ਥਾਂ ਪਾਰਸ ਨੂੰ ਅਪਣਾ ਨੇਤਾ ਚੁਣਿਆ ਸੀ। ਹੁਣ ਦੋਵੇਂ ਸਮੂਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਗੁਟ ਹੀ ਅਸਲੀ ਲੋਜਪਾ ਹੈ। ਪਾਰਟੀ ਦੀ ਸਥਾਪਨਾ ਰਾਮਵਿਲਾਸ ਪਾਸਵਾਨ ਨੇ ਕੀਤੀ ਸੀ ਜਿਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹ ਚਿਰਾਗ ਦੇ ਪਿਤਾ ਅਤੇ ਪਾਰਸ ਦੇ ਵੱਡੇ ਭਰਾ ਸਨ।