ਬੁਡਾਪੇਸਟ : ਪੁਰਤਗਾਲ ਦੀ ਫ਼ੁਟਬਾਲ ਟੀਮ ਦੇ ਕਪਤਾਨ ਕ੍ਰਿਸਟਿਯਾਨੋ ਰੋਨਾਲਡੋ ਦੇ ਗੁੱਸੇ ਨਾਲ ਕੋਲਡ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ ਕੋਲਾ ਨੂੰ 4 ਅਰਬ ਡਾਲਰ ਯਾਨੀ 29.34 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਕਿਉਂਕਿ ਇਸ ਘਟਨਾ ਦੇ ਬਾਅਦ ਸ਼ੇਅਰ ਬਾਜ਼ਾਰ ਵਿਚ ਕੰਪਨੀ ਦਾ ਸ਼ੇਅਰ ਪ੍ਰਾਈਸ 56.10 ਡਾਲਰ ਤੋਂ 1.6 ਫ਼ੀਸਦੀ ਡਿੱਗ ਕੇ 55.22 ਡਾਲਰ ’ਤੇ ਆ ਗਿਆ। ਸ਼ੇਅਰਾਂ ਵਿਚ ਕਮੀ ਕਾਰਨ ਕੋਕਾ ਕੋਲਾ ਦੀ ਮਾਰਕੀਟ ਵੈਲਿਊ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ਹੋ ਗਈ। ਜ਼ਿਕਰਯੋਗ ਹੈ ਕਿ ਕੋਕਾ ਕੋਲਾ 11 ਦੇਸ਼ਾਂ ਵਿਚ ਖੇਡੇ ਜਾ ਰਹੇ ਯੂਈਐਫ਼ਏ ਯੂਰੋ ਕੱਪ ਦੀ ਅਧਿਕਾਰਤ ਸਪਾਂਸਰ ਹੈ। 36 ਸਾਲ ਦੇ ਰੋਨਾਲਡੋ ਅਪਣੀ ਅਨੁਸ਼ਾਸਤ ਖ਼ੁਰਾਕ ਲਈ ਜਾਣੇ ਜਾਂਦੇ ਹਨ। ਉਹ ਫ਼ਿੱਟ ਰਹਿਣ ਲਈ ਕਿਸੇ ਵੀ ਤਰ੍ਹਾਂ ਦਾ ਕੋਲਡ ਡਰਿੰਗ ਆਦਿ ਨਹੀਂ ਪੀਂਦੇ। ਉਸ ਦੀ ਫ਼ਿਟਨੈਸ ਖੁਰਾਕ ਦੇ ਪ੍ਰਸ਼ੰਸਕ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਦੁਨੀਆਂ ਭਰ ਦੇ ਕਈ ਖਿਡਾਰੀ ਹਨ। ਪੁਰਤਗਾਲ ਟੀਮ ਨੂੰ ਇਸ ਸਾਲ ਗਰੁਪ ਐਫ਼ ਯਾਨੀ ਗਰੁਪ ਆਫ਼ ਡੈਥ ਵਿਚ ਰਖਿਆ ਗਿਆ ਹੈ। ਪੁਰਤਗਾਲ ਨਾਲ ਗਰੁਪ ਵਿਚ ਜਰਮਨੀ, ਫ਼ਰਾਂਸ ਅਤੇ ਹੰਗਰੀ ਹਨ। ਫ਼ਰਾਂਸ ਫ਼ੀਫਾ ਵਰਲਡ ਕੱਪ ਚੈਂਪੀਅਨ ਹਨ। ਜਰਮਨੀ ਤਿੰਨ ਵਾਰ ਦਾ ਯੂਰੋ ਚੈਂਪੀਅਨ ਹੈ।