ਨਵੀਂ ਦਿੱਲੀ : ਲਗਦਾ ਹੈ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੇ ਸਨਮੁਖ ‘ਪੰਜਾਬ ਮਿਸ਼ਨ’ ਸ਼ੁਰੂ ਕਰ ਦਿਤਾ ਹੈ। ਪਾਰਟੀ ਵਲੋਂ ਪੰਜਾਬ ਨਾਲ ਸਬੰਧਤ ਕੁਝ ਸਿੱਖ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਥੇ ਪੱਤਰਕਾਰ ਸੰਮੇਲਨ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਮੌਜੂਦਗੀ ਵਿਚ ਛੇ ਸਿੱਖ ‘ਸ਼ਖ਼ਸੀਅਤਾਂ’ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ
ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਦੁਸ਼ਿਅੰਤ ਕੁਮਾਰ ਗੌਤਮ ਅਤੇ ਪਾਰਟੀ ਦੇ ਕੌਮੀ ਸਪੋਕਸਪਰਸਨ ਸ:ਇਕਬਾਲ ਸਿੰਘ ਲਾਲਪੁਰਾ ਹਾਜ਼ਰ ਸਨ।
ਜਿਨ੍ਹਾਂ ਨੇ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਉਨ੍ਹਾਂ ਵਿੱਚ ਇਕ ਪ੍ਰਮੁੱਖ ਨਾਂਅ ਹੈ ਡਾ: ਜਸਵਿੰਦਰ ਸਿੰਘ ਢਿੱਲੋਂ। ਸ: ਢਿੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ। ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦੀ ਪਛਾਣ ਕਰਾਉਂਦਿਆਂ ਦੱਸਿਆ ਗਿਆ ਕਿ ਉਹ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦੇ ਸਕੱਤਰ ਅਤੇ ਅੰਮ੍ਰਿਤਸਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਹਨ। ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੀ ਵੈਬਸਾਈਟ ਅਨੁਸਾਰ ਉਹ ਯੂਨੀਵਰਸਿਟੀ ਦੇ ਰਜਿਸਟਰਾਰ ਹਨ।
ਸੇਵਾਮੁਕਤ ਕਰਨਲ ਜੈਬੰਸ ਸਿੰਘ ਵੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਸ: ਲਾਲਪੁਰਾ ਅਨੁਸਾਰ ਉਹ ਖ਼ਬਰ ਏਜੰਸੀ ਏ.ਐਨ.ਆਈ. ਦੇ ਡਾਇਰੈਕਟਰ ਰਹੇ ਹਨ।
ਪਟਿਆਲਾ ਦੇ ਇਕ ਸੀਨੀਅਰ ਐਡਵੋਕੇਟ ਸ: ਜਗਮੋਹਨ ਸਿੰਘ ਸੈਣੀ ਵੀ ਭਾਜਪਾ ਵਿੱਚ ਸ਼ਾਮਲ ਹੋਏ। ਉਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਰਹੇ ਹਨ ਅਤੇ ‘ਫ਼ਾਰਮਰਜ਼ ਇੰਟੈਲੈਕਚੂਅਲ ਮੰਚ’ ਦੇ ਪ੍ਰਧਾਨ ਹਨ।
ਅੱਜ ਸ਼ਾਮਲ ਹੋਣ ਵਾਲਿਆਂ ਵਿੱਚ ਮੋਹਾਲੀ ਤੋਂ ਐਡਵੋਕੇਟ ਨਿਰਮਲ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਬਾਰੇ ਦੱਸਿਆ ਗਿਆ ਕਿ ਉਹ ਤਜਰਬੇਕਾਰ ‘ਚੋਣ ਨੀਤੀਘਾੜੇ’ ਹਨ ਅਤੇ ‘ਫ਼ਾਰਮਰਜ਼ ਇੰਟੈਲੈਕਚੂਅਲ ਮੰਚ’ ਦੇ ਮੀਤ ਪ੍ਰਧਾਨ ਹਨ।
ਉਕਤ ਤੋਂ ਇਲਾਵਾ ਜਲੰਧਰ ਤੋਂ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਜੋ ਇਕ ਅਕਾਲੀ ਨੇਤਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਰਹੇ ਹਨ, ਵੀ ਸ਼ਾਮਲ ਹਨ।
ਉਨ੍ਹਾਂ ਤੋਂ ਇਲਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਹੇ ਸ: ਕੁਲਦੀਪ ਸਿੰਘ ਕਾਹਲੋਂ ਵੀ ਸ਼ਾਮਲ ਹਨ। ਸ: ਲਾਲਪੁਰਾ ਨੇ ਦਾਅਵਾ ਕੀਤਾ ਕਿ ਸ: ਕਾਹਲੋਂਨੇ ਆਪਣੀ ਯੂਥ ਅਕਾਲੀ ਦਲ ਨਾਂਅ ਦੀ ਸੰਸਥਾ ਦਾ ਵੀ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਹੈ।