ਨਵੀਂ ਦਿੱਲੀ : ਸੀ.ਬੀ.ਐਸ.ਸੀ. ਬੋਰਡ ਨੇ ਸੁਪਰੀਮ ਕੋਰਟ ਨੂੰ 12ਵੀਂ ਜਮਾਤ ਦਾ ਨਤੀਜਾ ਤਿਆਰ ਕਰਨ ਦਾ ਇਕ ਨਵਾਂ ਫ਼ਾਰਮੂਲਾ ਸੁਝਾਇਆ ਹੈ ਜਿਸ ਅਨੁਸਾਰ 12ਵੀਂ ਜਮਾਤ ਦਾ ਨਤੀਜਾ 10ਵੀਂ 11ਵੀਂ ਅਤੇ 12ਵੀਂ ਜਮਾਤ ਵਿੱਚ ਹਾਸਲ ਕੀਤੇ ਅੰਕਾਂ ’ਤੇ ਆਧਾਰ ’ਤੇ ਤਿਆਰ ਹੋਵੇਗਾ। ਇਸ ਤੋਂ ਇਲਾਵਾ ਬੋਰਡ ਨੇ ਸੁਪਰੀਮ ਕੋਰਟ ਨੂੰ ਦਸਿਆ ਹੈ ਕਿ 12ਵੀਂ ਜਮਾਤ ਦੇ ਨਤੀਜੇ ਲਈ 10ਵੀਂ ਅਤੇ 11ਵੀਂ ਜਮਾਤ ਦੇ ਵਧੀਆ ਅੰਕਾਂ ਵਾਲਿਆਂ ਵਿਸ਼ਿਆਂ ਦੀ ਐਵਰੇਜ ਅਤੇ 12ਵੀਂ ਜਮਾਤ ਦੇ ਪ੍ਰੀ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਅਨੁਸਾਰ ਨਤੀਜਾ ਤਿਆਰ ਕਰਨ ਦੀ ਗੱਲ ਆਖੀ ਹੈ।
ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਸੀ. ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਲਈ ਇਕ 13 ਮੈਂਬਰੀ ਕਮੇਟੀ ਤਿਆਰ ਕੀਤੀ ਸੀ ਜਿਸ ਨੇ ਅੱਜ ਸੁਪਰੀਮ ਕੋਰਟ ਸਾਹਮਣੇ ਆਪਣੀ ਰੀਪੋਰਟ ਰੱਖ ਦਿੱਤੀ ਹੈ। ਜਾਣਕਾਰੀ ਅਨੁਸਾਰ ਕਮੇਟੀ ਨੇ ਸੁਪਰੀਮ ਕੋਰਟ ਨੂੰ ਇਕ ਫ਼ਾਰਮੂਲਾ ਸੁਝਾਇਆ ਹੈ ਜਿਸ ਅਨੁਸਾਰ 12ਵੀਂ ਜਮਾਤ ਦਾ ਨਤੀਜਾ 10ਵੀ ਅਤੇ 11ਵੀਂ ਜਮਾਤ ਦੇ ਫ਼ਾਈਨਲ ਨਤੀਜਿਆਂ ਅਤੇ 12ਵੀਂ ਜਮਾਤ ਦੇ ਪ੍ਰੀ ਬੋਰਡ ਦੇ ਨਤੀਜੇ ਨੂੰ ਆਧਾਰ ਬਣਾ ਕੇ 12ਵੀਂ ਦਾ ਰੀਜ਼ਲਟ ਤਿਆਰ ਹੋਵੇਗਾ। ਇਹ ਪਤਾ ਲਗਿਆ ਹੈ ਕਿ ਜੇਕਰ ਇਹ ਕਾਰਵਾਈ ਸਿਰੇ ਚੜ੍ਹ ਜਾਂਦੀ ਹੈ ਤਾਂ 12ਵੀਂ ਜਮਾਤ ਦਾ ਨਤੀਜਾ ਜੁਲਾਈ ਦੇ ਅਖ਼ੀਰ ਤੱਕ ਤਿਆਰ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਕਮੇਟੀ ਦਾ ਕਹਿਣਾ ਹੈ ਕਿ 10ਵੀਂ ਜਮਾਤ ਦੇ 5 ਵਿਸ਼ਿਆਂ ਵਿਚੋਂ 3 ਵਿਸਿਆਂ ਜਿਨ੍ਹਾਂ ਵਿਚੋਂ ਵਧੀਆ ਅੰਕ ਹਨ ਨੂੰ ਲਿਆ ਜਾਵੇਗਾ ਅਤੇ 11ਵੀਂ ਜਮਾਤ ਦੇ ਪੰਜਾਂ ਵਿਸ਼ਿਆਂ ਦੀ ਐਵਰੇਜ ਅਤੇ 12ਵੀਂ ਜਮਾਤ ਦੇ ਪ੍ਰੀ ਬੋਰਡ ਅਤੇ ਪ੍ਰੈਕਟੀਕਲ ਦੇ ਨੰਬਰਾਂ ਨੂੰ ਜੋੜ ਕੇ 12ਵੀਂ ਜਮਾਤ ਦਾ ਨਤੀਜਾ ਤਿਆਰ ਕੀਤਾ ਜਾਵੇਗਾ। ਕਮੇਟੀ ਦਾ ਕਹਿਣਾ ਹੈ ਕਿ 10ਵੀਂ ਜਮਾਤ ਦੇ 30 ਫ਼ੀ ਸਦੀ ਅਤੇ 11ਵੀਂ ਦੇ 30 ਫ਼ੀ ਸਦੀ ਅਤੇ 12ਵੀਂ ਦੇ 40 ਫ਼ੀ ਸਦੀ ਨਾਲ ਨਤੀਜਾ ਤਿਆਰ ਕੀਤਾ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੋਵਿਡ ਕਾਰਨ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ ਪਰ ਉਨ੍ਹਾਂ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਇਕ ਮਿਥੇ ਸਮੇਂ ਅਤੇ ਯੋਜਨਾ ਦੇ ਆਧਾਰ ’ਤੇ ਤਿਆਰ ਕਰਨ ਲਈ ਆਖਿਆ ਸੀ।