ਜਿਨੇਵਾ: ਅਮਰੀਕੀ ਚੋਣਾਂ ਵਿਚ ਜਿੱਤ ਦੇ ਬਾਅਦ ਰੂਸ ਨੂੰ ਸਭ ਤੋਂ ਵੱਡਾ ਦੁਸ਼ਮਣ ਦੱਸਣਵਾਲੇ ਰਾਸ਼ਟਰਪਤੀ ਜੋ ਬਾਇਡਨ ਨੇ ਬੁਧਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਜਿਨੇਵਾ ਵਿਚ ਇਤਿਹਾਸਕ ਸਿਖਰ ਬੈਠਕ ਕੀਤੀ। ਪੁਤਿਨ ਨੇ ਦਸਿਆ ਕਿ ਇਸ ਗੱਲਬਾਤ ਦੌਰਾਨ ਦੋਹਾਂ ਵਿਚਾਲੇ ਕੋਈ ਕੱਟੜਤਾ ਨਹੀਂ ਸੀ। ਬਾਇਡਨ ਅਤੇ ਪੁਤਿਨ ਦੀ ਗੱਲਬਾਤ ਦੇ ਬਾਅਦ ਦੋਵੇਂ ਹੀ ਦੇਸ਼ ਅਪਣੇ ਰਾਜਦੂਤਾਂ ਨੂੰ ਇਕ ਦੂਜੇ ਦੇ ਦੇਸ਼ ਵਿਚ ਭੇਜਣ ਲਈ ਸਹਿਮਤ ਹੋ ਗਏ। ਇਸ ਮੁਲਾਕਾਤ ਦੌਰਾਨ ਬਾਇਡਨ ਨੇ ਪੁਤਿਨ ਨੂੰ ਖ਼ਾਸ ਐਨਕ ਤੋਹਫ਼ੇ ਵਜੋਂ ਦਿਤੀ ਜੋ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਰੀਪੋਰਟ ਮੁਤਾਬਕ ਖ਼ਾਸ ਤੌਰ ’ਤੇ ਤਿਆਰ ਕੀਤੀ ਗਈ ਏਵੀਏਟਰ ਐਨਕ ਦਾ ਇਕ ਜੋੜਾ ਬਾਇਡਨ ਨੇ ਰੂਸੀ ਰਾਸ਼ਟਰਪਤੀ ਨੂੰ ਦਿਤਾ ਹੈ। ਇਸ ਐਨਕ ਨੂੰ ਇਕ ਅਮਰੀਕੀ ਕੰਪਨੀ ਨੇ ਤਿਆਰ ਕੀਤਾ ਹੈ ਜੋ ਅਮਰੀਕੀ ਫ਼ੌਜ ਅਤੇ ਨਾਟੋ ਦੇਸ਼ਾਂ ਨੂੰ ਇਸ ਨੂੰ ਸਪਲਾਈ ਕਰਦੀ ਹੈ। ਜੋ ਬਾਇਡਨ ਨੇ ਕ੍ਰਿਸਟਲ ਦੀ ਬਣੀ ਬਾਇਸਨ ਇਕ ਮੂਰਤੀ ਵੀ ਪੁਤਿਨ ਨੂੰ ਤੋਹਫ਼ੇ ਵਜੋਂ ਦਿਤੀ ਹੈ। ਬਾਇਸਨ ਅਮਰੀਕਾ ਦਾ ਰਾਸ਼ਟਰੀ ਪਸ਼ੂ ਹੈ। ਮੰਨਿਆ ਜਾ ਰਿਹਾ ਹੈ ਕਿ ਨਾਟੋ ਨਾਲ ਜੁੜੇ ਐਨਕ ਨੂੰ ਗਿਫ਼ਟ ਕਰਕੇ ਬਾਇਡਨ ਨੇ ਪੁਤਿਨ ਨੂੰ ਵੱਡਾ ਸੰਦੇਸ਼ ਦਿਤਾ ਹੈ। ਉਹ ਵੀ ਤਦ ਜਦ ਬਾਇਡਨ ਨੇ ਇਸ ਸਿਖਰ ਬੈਠਕ ਤੋਂ ਠੀਕ ਹੋਣ ਵਾਲੇ ਬ੍ਰਸਲਜ਼ ਵਿਚ ਨਾਟੋ ਦੇਸ਼ਾਂ ਨਾਲ ਬੈਠਕ ਵਿਚ ਹਿੱਸਾ ਲਿਆ ਸੀ। ਇਸ ਬੈਠਕ ਵਿਚ ਬਾਇਡਨ ਨੇ ਨਾਟੋ ਦੇਸ਼ਾਂ ਨਾਲ ਫ਼ੌਜੀ ਪ੍ਰਤੀਬੱਧਤਾ ਨੂੰ ਦੁਹਰਾਇਆ ਸੀ।