ਨਵੀਂ ਦਿੱਲੀ: ਦਿੱਲੀ ਵਿਖੇ ਇਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ ਕਈ ਲੋਕ ਝੁਲਸ ਗਏ ਹਨ। ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾ ਦਿਤਾ ਗਿਆ ਹੈ। ਇਹ ਘਟਨਾ ਮੰਗੋਲਪੁਰੀ ਖੇਤਰ ਦੀ ਹੈ ਜਿਥੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗੀ, ਜਿਸ ਕਾਰਨ ਗੈਸ ਹਵਾ ਵਿਚ ਫੈਲ ਗਈ ਅਤੇ ਨੇੜੇ ਤੇੜੇ ਦੇ ਲੋਕ ਝੁਲਸਦੇ ਰਹੇ। ਇਸ ਅੱਗ ਵਿਚ 13 ਲੋਕ ਝੁਲਸ ਗਏ, ਜਿਨ੍ਹਾਂ ਵਿਚੋਂ 4 ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ ਦੀਆਂ ਲਾਟਾਂ ਇੰਨੀਆਂ ਜ਼ਬਰਦਸਤ ਸਨ ਕਿ ਆਸ ਪਾਸ ਦੇ ਕਈ ਮਕਾਨ ਅਤੇ ਇਸ ਵਿਚ ਰਹਿਣ ਵਾਲੇ ਲੋਕ ਇਸ ਦੀ ਲਪੇਟ ਵਿਚ ਆ ਗਏ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੁਰਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਪਹੁੰਚੀਆਂ। ਇਸ ਹਾਦਸੇ ਨੇ ਸਾਰੇ ਖੇਤਰ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਚਾਰ ਗੰਭੀਰ ਜ਼ਖ਼ਮੀਆਂ ਦਾ ਸਫਦਰਜੰਗ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨੇੜਲੇ ਲੋਕਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਅੱਗ ਲੱਗੀ ਅਤੇ ਬਹੁਤ ਸਾਰੇ ਲੋਕ ਇਸ ਵਿਚ ਝੁਲਸ ਗਏ। ਝੁਲਸੇ ਲੋਕਾਂ ਨੂੰ ਕੰਬਲ ਵਿੱਚ ਲਪੇਟ ਕੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਾਵਿਤਰੀ, ਸਚਿਨ, ਗੀਤਾ, ਪ੍ਰਿੰਸ, ਲਕਸ਼ਮੀ, ਵਿਨੋਦ, ਵਿਵੇਕ, ਛਤਰਪਾਲ, ਸੰਜੂ, ਸੰਧਿਆ, ਨਿਰਮਲਾ, ਮਹਿਮਾ ਅਤੇ ਮੋਨੀਸ਼ਕਾ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਸੰਜੇ ਗਾਂਧੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿਚ ਸਾਵਿਤਰੀ, ਸਚਿਨ, ਗੀਤਾ ਅਤੇ ਪ੍ਰਿੰਸ ਨੂੰ ਗੰਭੀਰ ਝੁਲਸ ਜਾਣ ਕਾਰਨ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਇਹ ਸਾਰਾ ਮਾਮਲਾ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।