ਲਖਨਊ : ਪ੍ਰੇਰਨਾਮਈ ਭਾਸ਼ਨਾਂ ਨਾਲ ਹਿੰਦੂਆਂ ਦਾ ਧਰਮ ਬਦਲਣ ਵਾਲੇ ਦੋ ਮੌਲਾਣਿਆਂ ਨੂੰ ਯੂਪੀ ਏਟੀਐਸ ਨੇ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਏਟੀਐਸ ਟੀਮ ਲਗਭਗ ਚਾਰ ਦਿਨਾਂ ਤੋਂ ਇਨ੍ਹਾਂ ਨਾਲ ਪੁੱਛਗਿਛ ਕਰਕੇ ਸਬੂਤ ਜੁਟਾ ਰਹੀ ਸੀ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਇਨ੍ਹਾਂ ਨੂੰ ਪੈਸੇ ਦਿੰਦੀ ਸੀ। ਫੜੇ ਗਏ ਮੌਲਾਨਾ ਜਹਾਂਗੀਰ ਅਤੇ ਉਮਰ ਗੌਤਮ ਲਖਨਊ ਦੀ ਵੱਡੀ ਮੁਸਲਿਮ ਸੰਸਥਾ ਨਾਲ ਜੁੜੇ ਹਨ। ਏਟੀਐਸ ਅਫ਼ਸਰਾਂ ਮੁਤਾਬਕ ਇਹ ਗਰੀਬ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹਾਲੇ ਤਕ ਲਗਭਗ ਇਕ ਹਜ਼ਾਰ ਲੋਕਾਂ ਦਾ ਧਰਮ ਤਬਦੀਲ ਕਰਵਾ ਚੁੱਕੇ ਹਨ, ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹਨ। ਰਾਮਪੁਰ ਦੇ ਇਕ ਪਿੰਡ ਵਿਚ ਦੋ ਹਿੰਦੂ ਬੱਚਿਆਂ ਦਾ ਜਬਰਨ ਖਤਨਾ ਕਰਵਾ ਕੇ ਧਰਮ ਤਬਦੀਲੀ ਕਰਵਾਉਣ ਵਿਚ ਵੀ ਇਕ ਮੌਲਾਨਾ ਦਾ ਹੱਥ ਸਾਹਮਣੇ ਆਇਆ ਹੈ। ਦੋਵੇਂ ਪਛਮੀ ਯੂਪੀ ਦੇ ਰਹਿਣ ਵਾਲੇ ਹਨ। ਦੋਵੇਂ ਮੌਲਾਣੇ ਦਾਵਾ ਇਸਲਾਮਿਕ ਸੈਂਟਰ ਦੇ ਨਾਮ ਨਾਲ ਸੰਸਥਾ ਚਲਾਉਂਦੇ ਹਨ। 3 ਜੂਨ ਨੂੰ ਦਿੱਲੀ ਦੇ ਡਾਸਨਾ ਮੰਦਰ ਵਿਚ ਦੋ ਮੁਸਲਿਮ ਮੁੰਡਿਆਂ ਨੇ ਪੁਜਾਰੀ ’ਤੇ ਹਮਲੇ ਦਾ ਯਤਨ ਕੀਤਾ ਸੀ। ਦੋਹਾਂ ਨੂੰ ਜਦ ਫੜਿਆ ਗਿਆ ਤਾਂ ਮੌਲਾਨਾ ਉਮਰ ਅਤੇ ਜਹਾਂਗੀਰ ਬਾਰੇ ਜਾਣਕਾਰੀ ਮਿਲੀ। ਇਹ ਮੌਲਾਣੇ ਨੋਇਡਾ ਡੈਫ਼ ਸੁਸਾਇਟੀ ਵਿਚ ਸੰਚਾਲਤ ਗੁੰਗੇ ਬੋਲੇ ਬੱਚਿਆਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਝਾਂਸਾ ਦੇ ਕੇ ਧਰਮ ਤਬਦੀਲੀ ਕਰਵਾ ਚੁੱਕੇ ਹਨ।