ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੀ 3 ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਏ। ਵਿਰੋਧੀ ਧਿਰ ਦੇ ਆਗੂ ਮਲਿਕਾਅਰਜੁਨ ਖੜਗੇ ਦੇ ਸੰਸਦ ਵਿਚ ਸਥਿਤ ਦਫ਼ਤਰ ਵਿਚ 90 ਮਿੰਟਾਂ ਤਕ ਇਹ ਮੁਲਾਕਾਤ ਚੱਲੀ। ਸੂਤਰਾਂ ਮੁਤਾਬਕ ਕਮੇਟੀ ਨੇ ਕੈਪਟਨ ਨੂੰ ਨਾਰਾਜ਼ ਵਿਧਾਇਕਾਂ ਦੇ ਕੰਮ ਤੇਜ਼ੀ ਨਾਲ ਕਰਨ ਲਈ ਕਿਹਾ। ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਨੂੰ ਖ਼ੁਸ਼ ਕਰਨ ਦੀ ਅਹਿਮੀਅਤ ਦੱਸੀ ਗਈ। ਕੈਪਟਨ ਕਮੇਟੀ ਦੀ ਗੱਲ ਮੰਨਦੇ ਹੋਏ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ’ਤੇ ਸਹਿਮਤ ਹੋਏ ਹਨ। ਇਸ ਦੇ ਇਲਾਵਾ ਕੈਪਟਨ ਨੇ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵਿਚ ਕਾਰਵਾਈ ਤੇਜ਼ ਕਰਨ ਦਾ ਭਰੋਸਾ ਵੀ ਕਮੇਟੀ ਨੂੰ ਦਿਤਾ ਹੈ। ਕੈਪਟਨ ਦੀ ਪੇਸ਼ੀ ਮਗਰੋਂ ਹੁਣ ਸਾਰਿਆਂ ਦੀ ਨਜ਼ਰ ਨਵਜੋਤ ਸਿੰਘ ਸਿੱਧੂ ਦੇ ਪ੍ਰਤੀਕਰਮ ’ਤੇ ਹੈ। ਦਸਿਆ ਜਾ ਰਿਹਾ ਹੈ ਕਿ ਸਿੱਧੂ ਦੀ ਬਿਆਨਬਾਜ਼ੀ ਤੋਂ ਰਾਹੁਲ ਗਾਂਧੀ ਅਤੇ ਕਮੇਟੀ ਦੋਵੇਂ ਨਾਰਾਜ਼ ਹਨ। ਕੈਪਟਨ ਕਲ ਹੀ ਦਿੱਲੀ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਪੰਜਾਬ ਵਿਚ ਗੁੱਟਬਾਜ਼ੀ ਸਬੰਧੀ ਕਾਂਗਰਸ ਦਾ ਇਕ ਪੈਨਲ ਅਪਣੀ ਰੀਪੋਰਟ 10 ਜੂਨ ਨੂੰ ਸੋਨੀਆ ਗਾਂਧੀ ਨੂੰ ਦੇ ਚੁੱਕਾ ਹੈ। ਅਮਰਿੰਦਰ ਦੇ ਇਲਾਵਾ ਕਾਂਗਰਸ ਕਮੇਟੀ ਨੇ ਸੁਨੀਲ ਜਾਖੜ, 10 ਮੰਤਰੀਆਂ ਅਤੇ 12 ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਿੱਧੂ ਦੀ ਬਿਆਨਬਾਜ਼ੀ ਤੋਂ ਨਾਰਾਜ਼ ਹਨ। ਇਸ ਤੋਂ ਪਹਿਲਾਂ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਪਾਰਟੀ ਸਿੱਧੂ ਦੀ ਬਿਆਨਬਾਜ਼ੀ ਦਾ ਨੋਟਿਸ ਲਵੇਗੀ। ਸੋਮਵਾਰ ਨੂੰ ਪੰਜਾਬ ਦੇ ਵਿਧਾਇਕ ਰਾਜਕੁਮਾਰ ਵੇਰਕਾ, ਸੰਸਦ ਮੈਂਬਰ ਔਜਲਾ ਅਤੇ ਕੁਲਜੀਤ ਨਾਗਰਾ ਨੇ ਵੀ ਰਾਹੁਲ ਨਾਲ ਮੁਲਾਕਾਤ ਕੀਤੀ ਸੀ। ਸਿੱਧੂ ਨੇ ਕਲ ਕਿਹਾ ਸੀ ਕਿ ਉਹ ਚੋਣਾਂ ਵਿਚ ਵਰਤਿਆ ਜਾਣ ਵਾਲਾ ਸ਼ੋਅ ਪੀਸ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਵੀ ਰਾਹੁਲ ਨਾਲ ਜਲਦੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਸਿੱਧੂ ਬੇਅਦਬੀ ਮਾਮਲਿਆਂ ਵਿਚ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਲਈ ਕੈਪਟਨ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਉਸ ਦਾ ਕਹਿਣਾ ਹੈ ਕਿ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਬੇਅਦਬੀ ਦੇ ਦੋਸ਼ੀਆਂ ਵਿਰੁਧ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਕਾਂਗਰਸ ਪਾਰਟੀ ਇਸ ਮਾਮਲੇ ਵਿਚ ਇਨਸਾਫ਼ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ।