ਨਵੀਂ ਦਿੱਲੀ : ਪੂਰੇ ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੇਸ਼ੱਕ ਘਟ ਰਹੇ ਹਨ ਪਰ ਅੰਕੜੇ ਦਸ ਰਹੇ ਹਨ ਕਿ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਡਰ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ‘ਡੈਲਟਾ ਪਲੱਸ ਵੇਰੀਐਂਟ’ ਦੇ 22 ਮਾਮਲੇ ਮਿਲ ਚੁੱਕੇ ਹਨ। ਹੁਣ ਤਕ ਡੈਲਟਾ ਦੇ 16 ਕੇਸ ਮਹਾਰਾਸ਼ਟਰ ਦੇ ਰਤਨਾਗਿਰੀ ਅਤੇ ਜਲਗਾਉਂ ਵਿੱਚ ਮਿਲੇ ਹਨ। ਬਾਕੀ 6 ਕੇਸ ਕੇਰਲ ਅਤੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆਏ ਹਨ। ਰਾਜੇਸ਼ ਭੂਸ਼ਣ ਨੇ ਕਿਹਾ ਕਿ ਕੋਈ ਵੀ ਰੂਪ ਮਾਸਕ ਨੂੰ ਪਾਰ ਨਹੀਂ ਕਰ ਪਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਹਰੇਕ ਲਈ ਇੱਕ ਮਾਸਕ ਪਹਿਨਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੈਲਟਾ ਪਲੱਸ ਵੇਰੀਐਂਟ 9 ਦੇਸ਼ਾਂ (ਅਮਰੀਕਾ, ਯੂਕੇ, ਸਵਿਟਜ਼ਰਲੈਂਡ, ਪੋਲੈਂਡ, ਜਾਪਾਨ, ਪੁਰਤਗਾਲ, ਰੂਸ, ਚੀਨ, ਨੇਪਾਲ ਅਤੇ ਭਾਰਤ) ਵਿੱਚ ਮਿਲੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹ ਗਿਣਤੀ ਦੇ ਲਿਹਾਜ਼ ਨਾਲ ਬਹੁਤ ਘੱਟ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਕੋਈ ਵੱਡਾ ਰੂਪ ਧਾਰਨ ਕਰੇ। ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। ਇਨਸੈਕੌਗ ਦੀਆਂ 28 ਲੈਬਾਂ ਨੇ 45 ਹਜ਼ਾਰ ਨਮੂਨਿਆਂ ਦਾ ਜੀਨੋਮ ਸੀਕਨਸਿੰਗ ਕੀਤੀ ਹੈ ਜਿਸ ਵਿੱਚ 22 ਕੇਸ ਡੈਲਟਾ ਪਲੱਸ ਦੇ ਸਾਹਮਣੇ ਆਏ ਹਨ। ਜੀਨੋਮ ਸੀਕਨਸਿੰਗ ਕਲੀਨਿਕਲ ਡੇਟਾ ਨਾਲ ਮੇਲ ਖਾਂਦੀ ਹੈ। ਇਨਸੈਕਗ ਸਿਹਤ ਮੰਤਰਾਲੇ ਨੂੰ ਜਾਣਕਾਰੀ ਦਿੰਦਾ ਹੈ, ਜੋ ਕਿ ਸਮੇਂ ਸਮੇਂ ਤੇ ਰਾਜਾਂ ਨੂੰ ਦੱਸਦਾ ਹੈ ਕਿ ਕੀ ਕਰਨਾ ਹੈ।